
- ਟੀਬੀ ਦੀ ਬਿਮਾਰੀ ਤੋਂ ਡਰੋ ਨਾ, ਇਸਦਾ ਇਲਾਜ ਸੰਭਵ ਹੈ
- ਸਰਕਾਰ ਵੱਲੋ ਟੀਬੀ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਇਸ ਮੁਹਿੰਮ ਦਾ ਮੁੱਖ ਉਦੇਸ਼ ਟੀਬੀ ਦੇ ਲੁਕੇ ਹੋਏ ਐਕਟਿਵ ਕੇਸਾਂ ਦੀ ਜਲਦੀ ਭਾਲ ਕਰਨਾ ਅਤੇ ਜਲਦੀ ਇਲਾਜ ਕਰਵਾਉਣਾ- ਮਨਵਿੰਦਰ ਪਾਲ ਸਿੰਘ
ਮਾਲੇਰਕੋਟਲਾ 17 ਫਰਵਰੀ 2025 : ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਪਾਵਰ ਗਰਿੱਡ)ਮਾਲੇਰਕੋਟਲਾ ਵੱਲੋਂ ਸਥਾਨਕ ਸਰਕਾਰੀ ਹਸਪਤਾਲ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ 100 ਦਿਨਾਂ ਦੀ ਟੀ.ਬੀ. ਮੁਕਤ ਭਾਰਤ ਮੁਹਿੰਮ ਤਹਿਤ ਵਿਸ਼ੇਸ ਜਾਗਰੂਕਤਾ ਕੈਂਪ ਦਾ ਆਯੌਜਨ ਕੀਤਾ ਗਿਆ । ਇਸ ਮੌਕੇ ਪਾਵਰ ਗਰਿੱਡ ਦੇ ਅਧਿਕਾਰੀਆਂ,ਕਰਮਚਾਰੀਆਂ ਅਤੇ ਠੇਕੇ ਤੇ ਕੰਮ ਕਰ ਰਹੇ ਲੋਕਾਂ ਨੂੰ ਟੀਬੀ ਦੀ ਰੋਕਥਾਮ ਪ੍ਰਤੀ ਮਾਹਿਰ ਵਲੋਂ ਜਾਗਰੂਕ ਕੀਤਾ ਗਿਆ। ਮਾਹਿਰ ਕਾਊਂਸਲਰਾਂ ਨੇ ਕਿਹਾ ਕਿ ਟੀਬੀ ਦੀ ਬਿਮਾਰੀ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ,ਜੇਕਰ ਇਸਦਾ ਸਮੇਂ ਸਿਰ ਪਤਾ ਲੱਗ ਜਾਵੇ, ਤਾਂ ਇਸਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਅੱਜ ਤੱਕ, ਟੀਬੀ ਹੋਣ ਤੋਂ ਬਾਅਦ ਬਹੁਤ ਸਾਰੇ ਮਰੀਜ਼ ਦਵਾਈਆਂ ਨਾਲ ਠੀਕ ਹੋ ਚੁੱਕੇ ਹਨ। ਉਹਨਾਂ ਗਰਿੱਡ ਦੇ ਸਟਾਫ ਮੈਂਬਰਾਂ ਨੂੰ ਅਪੀਲ ਕੀਤੀ ਕਿ ਜੇਕਰ ਦੋ ਹਫ਼ਤਿਆਂ ਤੋਂ ਵੱਧ ਖਾਂਸੀ, ਬੁਖਾਰ, ਭਾਰ ਘਟਣਾ, ਭੁੱਖ ਨਾ ਲੱਗਣੀ ਵਰਗੇ ਲੱਛਣ ਆਉਣ ਤਾਂ ਸਿਵਲ ਹਸਪਤਾਲ ਤੋਂ ਆਪਣੇ ਟੈਸਟ ਜਰੂਰ ਕਰਵਾਉਣ। ਉਹਨਾਂ ਦੱਸਿਆ ਕਿ ਟੀ.ਬੀ. ਤੋਂ ਬਚਣ ਅਤੇ ਇਲਾਜ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੀ.ਬੀ. ਦਾ ਇਲਾਜ ਡਾਟਸ ਪ੍ਰਣਾਲੀ ਰਾਂਹੀ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਹਨਾਂ ਅਪੀਲ ਕੀਤੀ ਕਿ ਟੀ.ਬੀ. ਦੇ ਮਰੀਜ ਆਪਣੀ ਦਵਾਈ ਦਾ ਕੋਰਸ ਪੂਰਾ ਕਰਨ, ਕਿਉਕਿ ਇਲਾਜ ਅਧੂਰਾ ਛੱਡਣ ਨਾਲ ਇਹ ਰੋਗ ਦੁਬਾਰਾ ਹੋ ਜਾਂਦਾ ਹੈ ਜਿਸ ਨਾਲ ਇਕ ਖਤਰਨਾਕ ਟੀ.ਬੀ.ਹੋਣ ਦਾ ਖਤਰਾ ਰਹਿੰਦਾ ਹੈ ਜਿਸ ਦੇ ਇਲਾਜ ਲਈ ਜਿਆਦਾ ਸਮਾਂ ਦਵਾਈ ਖਾਣੀ ਪੈਂਦੀ ਹੈ। ਉਹਨਾਂ ਦੱਸਿਆ ਕਿ ਟੀ.ਬੀ. ਦੇ ਮਰੀਜਾਂ ਲਈ ਵੱਧ ਪ੍ਰੋਟੀਨ ਵਾਲੀਆਂ ਖਾਣ ਪੀਣ ਦੀ ਚੀਜਾਂ ਦੀ ਜ਼ਿਆਦਾ ਜਰੂਰਤ ਹੁੰਦੀ ਹੈ, ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਪਾਵਰ ਗਰਿੱਡ) ਮਲੇਰਕੋਟਲਾ ਦੇ ਡਿਪਟੀ ਜਨਰਲ ਮੈਨੇਜਰ ਮਨਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋ ਟੀਬੀ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਇਸ ਮੁਹਿੰਮ ਦਾ ਮੁੱਖ ਉਦੇਸ਼ ਟੀਬੀ ਦੇ ਲੁਕੇ ਹੋਏ ਐਕਟਿਵ ਕੇਸਾਂ ਦੀ ਜਲਦੀ ਭਾਲ ਕਰਨਾ ਅਤੇ ਜਲਦੀ ਇਲਾਜ ਕਰਵਾਉਣਾ ਹੈ।