- ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਲਖਬੀਰ ਸਿੰਘ ਰਾਏ ਤੇ ਕੁਲਵੰਤ ਸਿੰਘ ਪੰਡੋਰੀ ਸਮੇਤ ਹੋਰ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਦਿੱਤੀ ਅੰਤਿਮ ਵਿਦਾਇਗੀ
ਪਟਿਆਲਾ, 03 ਜੁਲਾਈ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਦੇ ਅੰਤਿਮ ਸੰਸਕਾਰ ਮੌਕੇ ਸ਼ਰਧਾਂਜਲੀ ਅਰਪਿਤ ਕੀਤੀ। ਸਪੀਕਰ ਸੰਧਵਾਂ ਅਤੇ ਕੈਬਨਿਟ ਮੰਤਰੀ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦੀ ਤਰਫ਼ੋਂ ਰੀਥਾਂ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਲਖਬੀਰ ਸਿੰਘ ਰਾਏ ਅਤੇ ਕੁਲਵੰਤ ਸਿੰਘ ਪੰਡੋਰੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਐਸ.ਡੀ.ਐਮ. ਚਰਨਜੀਤ ਸਿੰਘ ਤੇ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਨੇ ਮ੍ਰਿਤਕ ਦੇਹ 'ਤੇ ਰੀਥਾਂ ਰੱਖੀਆਂ। ਜਦੋਂਕਿ ਹੋਰ ਵੱਡੀ ਗਿਣਤੀ ਹੋਰ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਅਤੇ ਪਰਿਵਾਰਕ ਮੈਂਬਰਾਂ ਤੇ ਪਤਵੰਤਿਆਂ ਨੇ ਵੀ ਬੀਰ ਦਵਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇੱਥੇ ਬਡੂੰਗਰ ਸਥਿਤ ਸਮਸ਼ਾਨਘਾਟ ਵਿਖੇ ਬੀਰ ਦਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਹੁਰੀਤਾਂ ਮੁਤਾਬਕ ਕੀਤਾ ਗਿਆ ਅਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਅਨੰਤਬੀਰ ਸਿੰਘ ਸਰਾਓ ਨੇ ਦਿਖਾਈ। ਪਰਿਵਾਰਕ ਸੂਤਰਾਂ ਮੁਤਾਬਕ ਮਰਹੂਮ ਡਿਪਟੀ ਸਪੀਕਰ ਨਮਿਤ ਅੰਤਿਮ ਅਰਦਾਸ 9 ਜੁਲਾਈ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਦੁਪਿਹਰ 12 ਵਜੇ ਤੋਂ 1.30 ਵਜੇ ਤੱਕ ਹੋਵੇਗੀ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਰ ਦਵਿੰਦਰ ਸਿੰਘ ਨੂੰ ਇੱਕ ਬੇਬਾਕ ਸ਼ਖ਼ਸੀਅਤ ਦੱਸਦਿਆਂ ਕਿਹਾ ਕਿ ਉਹ ਇੱਕ ਪ੍ਰੌੜ ਸਿਆਸਤਦਾਨ ਦੇ ਨਾਲ-ਨਾਲ ਜਾਗਦੀ ਜਮੀਰ ਵਾਲੇ ਇਨਸਾਨ ਸਨ, ਜਿਨ੍ਹਾਂ ਦੀ ਸੂਝ-ਸੂਝ ਇਕੱਲੀ ਸਿਆਸੀ ਹੀ ਨਹੀਂ ਸੀ ਬਲਕਿ ਸਿੱਖ ਧਰਮ ਤੇ ਪੰਜਾਬ ਪ੍ਰਤੀ ਦਰਦ ਉਨ੍ਹਾਂ ਦੀਆਂ ਲਿੱਖ਼ਤਾਂ ਵਿੱਚੋਂ ਸਾਫ਼ ਝਲਕਦਾ ਸੀ। ਸਪੀਕਰ ਸੰਧਵਾਂ ਨੇ ਬੀਰ ਦਵਿੰਦਰ ਸਿੰਘ ਨਾਲ ਬਿਤਾਏ ਪਲਾਂ ਦੀ ਯਾਦ ਉਨ੍ਹਾਂ ਦੇ ਸਪੁੱਤਰ ਅਨੰਤ ਬੀਰ ਸਿੰਘ ਸਰਾਓ ਨਾਲ ਸਾਂਝੀ ਕਰਦਿਆਂ ਮਰਹੂਮ ਆਗੂ ਦੇ ਅਚਾਨਕ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਕੋਲ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ। ਇਸੇ ਤਰ੍ਹਾਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬੀਰ ਦਵਿੰਦਰ ਸਿੰਘ ਨੂੰ ਇੱਕ ਚਾਨਣ ਮੁਨਾਰਾ ਸ਼ਖ਼ਸੀਅਤ ਦੱਸਦਿਆਂ ਪਰਿਵਾਰਕ ਮੈਂਬਰਾਂ ਨਾਲ ਆਪਣੀ ਸੰਵੇਦਨਾ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਬੇਵਕਤ ਅਕਾਲ ਚਲਾਣੇ ਨਾਲ ਪਰਿਵਾਰਕ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਦਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਲਖਬੀਰ ਸਿੰਘ ਰਾਏ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਵੀ ਬੀਰ ਦਵਿੰਦਰ ਸਿੰਘ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਮਰਹੂਮ ਆਗੂ ਵੱਲੋਂ ਪੰਜਾਬ ਤੇ ਪੰਜਾਬੀਅਤ ਦੇ ਭਲੇ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਬੀਰ ਦਵਿੰਦਰ ਸਿੰਘ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ। ਆਗੂਆਂ ਨੇ ਪੀੜਤ ਪਰਿਵਾਰ, ਰਿਸ਼ਤੇਦਾਰਾਂ ਤੇ ਸਾਕ-ਸਨੇਹੀਆਂ ਨਾਲ ਦੁੱਖ ਸਾਂਝਾ ਕਰਦਿਆਂ ਨੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਰ ਦਵਿੰਦਰ ਸਿੰਘ ਦੀ ਸੁਪਤਨੀ ਨਵਜੋਤ ਕੌਰ ਸਰਾਓ, ਸਪੁੱਤਰ ਤੇ ਨੂੰਹ ਅਨੰਤਬੀਰ ਸਿੰਘ ਸਰਾਓ-ਨਿਮਰਤਾ ਮਾਨ ਸਰਾਓ, ਪੋਤਰੇ ਅਨਹਦਬੀਰ ਸਿੰਘ ਸਰਾਓ ਤੇ ਅੰਗਦਬੀਰ ਸਿੰਘ ਸਰਾਓ, ਪੁੱਤਰੀਆਂ ਦਿਵਜੋਤ ਕੌਰ ਮੂਰੀ, ਗਗਨਦੀਪ ਕੌਰ ਸਿੱਧੂ ਤੇ ਅਨੰਦਜੀਤ ਕੌਰ ਕੰਗ ਸਮੇਤ ਭਰਾ ਤੇ ਸਾਬਕਾ ਆਈ.ਜੀ. ਪਰਮਜੀਤ ਸਿੰਘ ਸਰਾਓ ਸਮੇਤ ਹੋਰ ਵੱਡੀ ਗਿਣਤੀ ਪਤਵੰਤੇ ਮੌਜੂਦ ਸਨ।