ਫਰੀਦਕੋਟ 8 ਅਗਸਤ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਵਿਦਿਆਰਥਣਾਂ ਦੋ ਸਕੀਆਂ ਭੈਣਾਂ ਏਕਮ ਕੌਰ ਅਤੇ ਮਨਸੁ ਕੌਰ ਵੱਲੋਂ ਗੁਹਾਟੀ ਵਿਖੇ ਰਾਸ਼ਟਰੀ ਪੱਧਰ ਖੇਡਾਂ ਦੌਰਾਨ ਗੱਤਕਾ ਮੁਕਾਬਲਿਆਂ ਚ ਗੋਲਡ ਮੈਡਲ ਹਾਸਲ ਕਰਨ ਵਾਲੀਆਂ ਬੱਚੀਆਂ ਦਾ 31-31 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ। ਇਹ ਜਾਣਕਾਰੀ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਬੱਚੀਆਂ,ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਦਿਲੋਂ ਮੁਬਾਰਕਬਾਦ ਦੇਣ ਮੌਕੇ ਦਿੱਤੀ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸਾਡੇ ਲਈ ਬਹੁਤ ਗੌਰਵ ਵਾਲੀ ਗੱਲ ਹੈ ਕਿ ਪੰਜਾਬ ਦੀਆਂ ਹੋਣਹਾਰ ਧੀਆਂ ਖੇਡਾਂ ਦੀ ਦੁਨੀਆਂ ਵਿੱਚ ਪੰਜਾਬ ਦਾ ਨਾਮ ਖੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ, ਉੱਥੇ ਹੀ ਪੰਜਾਬ ਦੇ ਨੋਜਵਾਨਾਂ, ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਉੱਚਿਤ ਸਥਾਨ ਹਾਸਲ ਕਰਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ। ਸਪੀਕਰ ਸੰਧਵਾਂ ਨੇ ਦੱਸਿਆ ਕਿ ਪੰਜਾਬ ਦੇ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਖਾਤਰ ਹਰ ਜਿਲ੍ਹੇ ਵਿੱਚ ਪਹਿਲੀ ਵਾਰ ਹਰ ਵਰਗ ਅਤੇ ਉਮਰ ਦੇ ਲੋਕਾਂ ਨੇ ਖੇਡਾਂ ਵਿੱਚ ਹਿੱਸਾ ਲਿਆ ਸੀ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਖੇਡ ਵਿਭਾਗ ਰਾਹੀਂ ਉਹ ਹਰ ਉਪਰਾਲਾ ਕਰ ਰਹੇ ਹਨ, ਜਿਸ ਨਾਲ ਬੱਚਿਆਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਹੋਵੇ। ਇਨ੍ਹਾਂ ਬੱਚੀਆਂ ਵੱਲੋਂ ਗੱਤਕਾ ਖੇਡ ਵਿੱਚ ਨਾਮਨਾ ਖੱਟਣਾ ਇਸ ਉਤਸ਼ਾਹ ਸਦਕਾ ਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚੀਆਂ ਦਾ ਜਲਦ ਹੀ ਉਨ੍ਹਾਂ ਵੱਲੋਂ ਸਨਮਾਨ ਕੀਤਾ ਜਾਵੇਗਾ।