ਲੁਧਿਆਣਾ, 28 ਜੂਨ 2024 : ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ) ਨੇ ਅੱਜ ਇਹ ਪੁਸ਼ਟੀ ਕੀਤੀ ਹੈ ਕਿ ਦੱਖਣੀ ਬਾਈਪਾਸ ਅਤੇ ਲੁਧਿਆਣਾ ਬਠਿੰਡਾ ਪ੍ਰੋਜੈਕਟਾਂ ਨੂੰ ਰੱਦ ਨਹੀਂ ਕੀਤਾ ਗਿਆ ਹੈ। ਐਨ.ਐਚ.ਏ.ਆਈ ਵੱਲੋਂ ਭਾਰਤਮਾਲਾ ਪਰਿਯੋਜਨਾ ਅਧੀਨ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 200 ਕਿਲੋਮੀਟਰ ਦੀ ਲੰਬਾਈ ਵਾਲੇ ਐਕਸਪ੍ਰੈਸ ਵੇਅ ਬਣਾਉਣ ਦਾ ਕੰਮ ਚੱਲ ਰਿਹਾ ਸੀ, ਜੋ ਪੂਰਾ ਹੋਣ 'ਤੇ ਲੁਧਿਆਣਾ ਦੇ ਸ਼ਹਿਰੀ ਖੇਤਰ ਦੇ ਆਲੇ-ਦੁਆਲੇ ਇੱਕ ਕਿਸਮ ਦੀ ਰਿੰਗ ਰੋਡ ਮੁਹੱਈਆ ਕਰਵਾਏਗੀ ਜਿਸ ਨਾਲ ਆਵਾਜਾਈ ਦੀ ਭੀੜ ਦੇ ਮੁੱਦਿਆਂ ਨੂੰ ਵੱਡੇ ਪੱਧਰ 'ਤੇ ਹੱਲ ਕੀਤਾ ਜਾਵੇਗਾ। ਜ਼ਿਲ੍ਹੇ ਵਿੱਚ ਇਸ ਸਮੇਂ ਚੱਲ ਰਹੇ ਪ੍ਰੋਜੈਕਟਾਂ ਵਿੱਚ ਦਿੱਲੀ ਕਟੜਾ ਐਕਸਪ੍ਰੈਸਵੇਅ ਪੈਕੇਜ (08 ਅਤੇ 09), ਲੁਧਿਆਣਾ ਰੂਪਨਗਰ ਪੈਕੇਜ (01), ਲੁਧਿਆਣਾ ਰੂਪਨਗਰ ਪੈਕੇਜ (02), ਲੁਧਿਆਣਾ ਦੱਖਣੀ ਬਾਈਪਾਸ ਅਤੇ ਲੁਧਿਆਣਾ ਬਠਿੰਡਾ ਪੈਕੇਜ (02) ਹਨ ਅਤੇ ਐਨ.ਐਚ.ਏ.ਆਈ ਇਹਨਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਰੇ ਯਾਤਰੀਆਂ ਲਈ ਸੁਰੱਖਿਅਤ ਅਤੇ ਵਧੇਰੇ ਆਰਾਮਦਾਇਕ ਸਫ਼ਰ ਯਕੀਨੀ ਬਣਾਉਣ ਲਈ ਸਭ ਤੋਂ ਮਹੱਤਵਪੂਰਨ ਐਕਸਪ੍ਰੈਸਵੇਅ ਹੋਣਗੇ। ਦੱਖਣੀ ਬਾਈਪਾਸ ਅਤੇ ਲੁਧਿਆਣਾ ਬਠਿੰਡਾ ਪੈਕੇਜ ਵਰਗੇ ਪ੍ਰੋਜੈਕਟ ਬਹੁਤ ਹੀ ਮਜ਼ਬੂਤੀ ਨਾਲ ਐਨ.ਐਚ.ਏ.ਆਈ ਦੁਆਰਾ ਵਿਕਸਤ ਕੀਤੇ ਜਾ ਰਹੇ ਹਨ। ਜ਼ਿਲ੍ਹਾ ਲੁਧਿਆਣਾ ਦਾ ਪ੍ਰਸ਼ਾਸਨ ਐਨ.ਐਚ.ਏ.ਆਈ ਦੁਆਰਾ ਜ਼ਿਲ੍ਹਾ ਲੁਧਿਆਣਾ ਵਿੱਚ ਸਾਰੇ ਪ੍ਰੋਜੈਕਟਾਂ ਦੇ ਵਿਕਾਸ ਨੂੰ ਸਿਰੇ ਚੜ੍ਹਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਇਨ੍ਹਾਂ ਹਾਈਵੇਅ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਜ਼ਮੀਨ ਪ੍ਰਾਪਤੀ ਦੇ ਕੁਝ ਮੁੱਦਿਆਂ ਨੂੰ ਜ਼ਮੀਨ ਮਾਲਕਾਂ ਨਾਲ ਤਾਲਮੇਲ ਬਣਾ ਕੇ ਹੱਲ ਕੀਤਾ ਜਾ ਰਿਹਾ ਹੈ। ਐਨ.ਐਚ.ਏ.ਆਈ . ਦੇ ਪ੍ਰਾਜੈਕਟ ਡਾਇਰੈਕਟਰ ਲੁਧਿਆਣਾ ਨੇ ਇਹ ਵੀ ਦੱਸਿਆ ਹੈ ਕਿ ਇਹ ਪ੍ਰੋਜੈਕਟ ਜ਼ਮੀਨ ਦਾ ਕਬਜ਼ਾ ਲੈਣ ਤੋਂ ਬਾਅਦ ਸ਼ੁਰੂ ਕੀਤੇ ਜਾਣਗੇ, ਜਿਸ ਲਈ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਲੁਧਿਆਣਾ ਸੰਮਰੂਰਨ ਸਹਿਯੋਗ ਦੇ ਰਹੇ ਹਨ।