ਖੰਨਾ, 25 ਅਕਤੂਬਰ : ਲਾਲਚ ਬੰਦੇ ਨੂੰ ਅੰਨ੍ਹਾ ਕਰ ਦਿੰਦਾ ਹੈ ਤੇ ਉਸ ਦੀ ਸਹੀ-ਗਲਤ ਦੀ ਸ਼ਕਤੀ ਨੂੰ ਵੀ ਖਤਮ ਕਰ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਜਿਥੇ ਜਾਇਦਾਦ ਪਿੱਛੇ ਇਕ ਪੁੱਤ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬਜ਼ੁਰਗ ਮਾਂ ਦੇ ਪੇਟ ਵਿੱਚ ਇੱਕ ਤੋਂ ਬਾਅਦ ਇੱਕ ਚਾਕੂ ਨਾਲ ਕਈ ਵਾਰ ਕੀਤੇ ਗਏ। ਜਿਸ ਕਾਰਨ ਬਜ਼ੁਰਗ ਮਾਂ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਈ। ਇੰਨਾ ਹੀ ਨਹੀਂ ਕਾਤਲ ਨੇ ਆਪਣੇ ਭਰਾ 'ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਬਲਜੀਤ ਕੌਰ (77) ਵਜੋਂ ਹੋਈ। ਬਲਜੀਤ ਕੌਰ ਦੇ ਪੁੱਤਰ ਜੰਗ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਆਪਣੇ ਹੀ ਪਿੰਡ ਵਿੱਚ ਕੀਰਤ ਵੈਸ਼ਨੋ ਢਾਬੇ ਦੇ ਨਾਂ ’ਤੇ ਕੰਮ ਕਰ ਰਿਹਾ ਹੈ। ਉਹ ਆਪਣੀ ਮਾਂ ਨਾਲ ਢਾਬੇ 'ਤੇ ਮੌਜੂਦ ਸੀ ਅਤੇ ਇਸੇ ਦੌਰਾਨ ਉਸਦਾ ਭਰਾ ਪਰਮਿੰਦਰ ਸਿੰਘ ਆ ਗਿਆ। ਜਿਸ ਨੇ ਆ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਰਮਿੰਦਰ ਨੇ ਢਾਬੇ ਦੀ ਬਿਜਲੀ ਬੰਦ ਕਰ ਦਿੱਤੀ। ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਪਰਮਿੰਦਰ ਨੇ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਉਸਦੀ ਮਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ 'ਚ ਆਏ ਪਰਮਿੰਦਰ ਸਿੰਘ ਨੇ ਮਾਂ ਦੇ ਪੇਟ 'ਚ ਚਾਕੂ ਨਾਲ ਕਈ ਹਮਲੇ ਕਰਕੇ ਜ਼ਖਮੀ ਕਰ ਦਿੱਤਾ। ਜਦੋਂ ਜੰਗ ਸਿੰਘ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਵੀ ਕਈ ਵਾਰ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਜਖ਼ਮੀ ਮਾਂ ਅਤੇ ਜੰਗ ਸਿੰਘ ਨੂੰ ਸਰਕਾਰੀ ਹਸਪਤਾਲ ਖੰਨਾ ਦਾਖ਼ਲ ਕਰਾਇਆ ਗਿਆ। ਬਲਜੀਤ ਕੌਰ ਦੀ ਹਾਲਤ ਨਾਜ਼ੁਕ ਸੀ ਜਿਸ ਕਰਕੇ ਚੰਡੀਗੜ੍ਹ ਰੈਫਰ ਕੀਤਾ ਗਿਆ। ਓਥੇ ਬਲਜੀਤ ਕੌਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਡੀਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਹਮਲੇ ਵਿੱਚ ਜ਼ਖ਼ਮੀ ਹੋਏ ਜੰਗ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਰਮਿੰਦਰ ਸਿੰਘ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਕਤਲ ਅਤੇ ਇਰਾਦਾ ਕਤਲ ਦੀਆਂ ਦੋਵੇਂ ਧਾਰਾਵਾਂ ਲਗਾਈਆਂ ਗਈਆਂ ਹਨ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।