- ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਨਰਮੇ ਦੀ ਫਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਕੀਤੇ ਜਾ ਰਹੇ ਸਰਵੇਖਣ ਦਾ ਲਿਆ ਜਾਇਜ਼ਾ
ਫਰੀਦਕੋਟ 8 ਅਗਸਤ 2024 : ਪਿਛਲੇ ਦਿਨੀਂ ਹੋਈ ਬਾਰਸ਼ ਕਾਰਨ ਹੁੰਮਸ ਵਾਲੇ ਮੌਸਮ ਤੋਂ ਰਾਹਤ ਮਿਲਣ ਦੇ ਨਾਲ ਨਾਲ ਨਰਮੇ ਦੀ ਫ਼ਸਲ ਨੂੰ ਬਹੁਤ ਫਾਇਦਾ ਹੋਇਆ ਹੈ ਜਿਸ ਨਾਲ ਚਿੱਟੀ ਮੱਖੀ ਦੇ ਹਮਲੇ ਤੋਂ ਕੁਝ ਰਾਹਤ ਮਿਲੀ ਹੈ । ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਸਰਵੇਖਣ ਟੀਮਾਂ ਵੱਲੋ ਨਰਮੇ ਦੀ ਫਸਲ ਦਾ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ ,ਜਿਸ ਦਾ ਜਾਇਜ਼ਾ ਲੈਣ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਵੱਲੋਂ ਬਲਾਕ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ,ਡਾ. ਜਸਵੰਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਡਾ. ਜਗਮੀਤ ਸਿੰਘ ਬਲਾਕ ਤਕਨਾਲੋਜੀ ਪ੍ਰਬੰਧਕ ਹਾਜ਼ਰ ਸਨ। ਪਿੰਡ ਖਾਰਾ ਵਿਚ ਛੋਟੇ ਕਿਸਾਨ ਪ੍ਰਭਕਰਨਦੀਪ ਸਿੰਘ ਦੇ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਬਾਰਸ਼ ਨਾ ਹੋਣ ਕਾਰਣ ਨਰਮੇ ਦੀ ਫਸਲ ਉੱਪਰ ਕਈ ਜਗ੍ਹਾ ਤੇ ਚਿੱਟੀ ਮੱਖੀ ਦਾ ਹਮਲਾ ਆਰਥਿਕ ਕਗਾਰ ਤੋਂ ਉੱਪਰ ਪਾਇਆ ਗਿਆ ਸੀ ਪਰ ਬਾਰਸ਼ ਪੈਣ ਕਾਰਨ ਹੁੰਮਸ ਵਾਲੇ ਹਾਲਾਤ ਤਕਰੀਬਨ ਸਮਾਪਤ ਹੋ ਗਏ ਹਨ ਜਿਸ ਨਾਲ ਨਰਮੇ ਦੀ ਫਸਲ ਨੂੰ ਬਹੁਤ ਫਾਇਦਾ ਹੋਇਆ ਹੈ ਅਤੇ ਨਰਮੇ ਦੀ ਫ਼ਸਲ ਦਾ ਵਾਧਾ ਸ਼ੁਰੂ ਹੋ ਗਿਆ ਹੈ । ਉਨਾਂ ਦੱਸਿਆ ਕਿ ਬਾਰਸ਼ ਨਾਲ ਚਿੱਟੀ ਮੱਖੀ ਦਾ ਹਮਲਾ ਕੁਝ ਘਟਿਆ ਹੈ ਪਰ ਫਿਰ ਵੀ ਨਿਰੰਤਰ ਨਿਰੀਖਣ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਜ਼ਿਲਾ ਫਰੀਦਕੋਟ ਵਿੱਚ ਨਰਮੇ ਦੀ ਫਸਲ ਉੱਪਰ ਕੀੜਿਆਂ ਦੇ ਸਰਵੇ ਅਤੇ ਸਰਵੇਖਣ ਲਈ 12 ਟੀਮਾਂ ਸਰਕਲ ਪੱਧਰ ,ਦੋ ਬਲਾਕ ਪੱਧਰ ਅਤੇ ਇੱਕ ਜ਼ਿਲਾ ਪੱਧਰ ਤੇ ਟੀਮਾਂ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਸਵੇਰੇ 8 ਵਜੇ ਤੋਂ 10 ਵਜੇ ਤਕ ਸਰਵੇ ਅਤੇ ਸਰਵੇਖਣ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਫਿਲਹਾਲ ਗੁਲਾਬੀ ਸੁੰਡੀ ਦਾ ਹਮਲਾ ਨਰਮੇ ਦੀ ਫਸਲ ਉੱਪਰ ਨਹੀਂ ਦੇਖਿਆ ਗਿਆ ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੀੜਿਆਂ ਦੇ ਹਮਲੇ ਸਬੰਧੀ ਕੀਤੇ ਜਾ ਰਹੇ ਸਰਵੇ ਅਤੇ ਸਰਵੇਖਣ ਦੌਰਾਨ ਖੇਤੀ ਅਧਿਕਾਰੀਆਂ ਨਾਲ ਪੂਰਨ ਸਹਿਯੋਗ ਕੀਤਾ ਜਾਵੇ ਤਾਂ ਜੋ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਰਮੇ ਦੀ ਫਸਲ ਦੀਆਂ ਖੁਰਾਕੀ ਜ਼ਰੂਰਤਾਂ ਦੀ ਪੂਰਤੀ ਲਈ ਪੋਟਾਸ਼ੀਅਮ ਨਾਈਟ੍ਰੇਟ ਦੇ ਹਫਤੇ ਹਫਤੇ ਦੇ ਵਕਫੇ ਤੇ 4 ਛਿੜਕਾਅ ਕਰ ਦੇਣੇ ਚਾਹੀਦੇ ਹਨ। ਡਾ .ਗੁਰਪ੍ਰੀਤ ਸਿੰਘ ਨੇ ਦਸਿਆ ਕਿ ਚਿੱਟੀ ਮੱਖੀ ਨਰਮੇ ਦੀ ਫ਼ਸਲ ਦਾ ਬਹੁਤ ਨੁਕਸਾਨ ਕਰ ਦਿੰਦੀ ਹੈ ਜਿਸ ਕਾਰਨ ਇਸ ਕੀੜੇ ਦੀ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਉਨਾਂ ਦੱਸਿਆ ਕਿ ਨਰਮੇ ਦੀ ਫ਼ਸਲ ਵਿੱਚ ਚਿੱਟੀ ਮੱਖੀ ਦੇ ਲਗਾਤਾਰ ਸਰਵੇਖਣ ਦੌਰਾਨ ਜੇਕਰ ਇਸ ਕੀੜੇ ਦਾ ਹਮਲਾ ਆਰਥਿਕ ਕਗਾਰ (ਔਸਤਨ 6 ਚਿੱਟੀ ਮੱਖੀ ਪ੍ਰਤੀ ਪੱਤਾ) ਤੋਂ ਉੱਪਰ ਪਾਇਆ ਜਾਵੇ ਤਾਂ ਕੀਟ ਨਾਸ਼ਕ ਦਾ ਛਿੜਕਾਅ ਕਰ ਦੇਣਾ ਚਾਹੀਦਾ।ਗਿਆ ਹੈ| ਉਨਾਂ ਕਿਹਾ ਕਿ ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 200 ਮਿਲੀਲਿਟਰ ਪਾਇਰੀਫਲੂਕੀਨਾਜ਼ੋਨ 20 ਡਬਲਯੂ ਜੀ ਜਾਂ 400 ਮਿਲੀਲਿਟਰ ਅਫਿਡੋਪਾਇਰੋਪਿਨ 50 ਡੀ ਸੀ ਜਾਂ 60 ਗ੍ਰਾਮ ਡਾਇਨੋਟੈਫ਼ੂਰਾਨ 20 ਐੱਸ ਸੀ ) ਜਾਂ 200 ਗ੍ਰਾਮ ਡਾਇਆਫੈਨਥੀਯੂਰੋਨ 50 ਡਬਲਿਊ ਪੀ ਛਿੜਕਾਅ ਕਰੋ |ਉਨਾਂ ਨੇ ਕਿਹਾ ਕਿ ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਟਰ ਪਾਈਰੀਪਰੋਕਸੀਫਿਨ 10 ਈ ਸੀ ਜਾਂ 200 ਮਿਲੀਲਿਟਰ ਸਪੈਰੋਮੈਸੀਫਿਨ 22.9 ਐੱਸ ਸੀ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਕਿਸਾਨ ਪ੍ਰਭਕਰਨਜੀਤ ਸਿੰਘ ਨੇ ਦੱਸਿਆ ਕਿ ਖੇਤੀ ਮਾਹਿਰਾਂ ਵੱਲੋਂ ਸਿਫਾਰਸ਼ਾਂ ਮੁਤਾਬਕ ਨਰਮੇ ਦੀ ਫ਼ਸਲ ਉੱਪਰ ਛਿੜਕਾਅ ਕੀਤੇ ਜਾ ਰਹੇ ਹਨ,ਜਿਸ ਦਾ ਬਹੁਤ ਫਾਇਦਾ ਹੋਇਆ ਹੈ ,ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਤੌਰ ਤੇ ਕਿਸੇ ਵੀ ਕੀਟਨਾਸ਼ਕ ਦਾ ਛਿੜਕਾਅ ਨਾ ਕੀਤਾ ਜਾਵੇ।