ਸਿਰਮੌਰ ਸਿੱਖਿਆ ਸ਼ਾਸਤਰੀ ਪਦਮ ਭੂਸ਼ਣ ਡਾ. ਸ ਸ ਜੌਹਲ ਦਾ 98ਵਾਂ ਜਨਮ ਦਿਨ ਉੱਤਮ ਜ਼ਿੰਦਗੀ ਦੀ ਰੌਸ਼ਨ ਮਿਸਾਲ

ਲੁਧਿਆਣਾ, 24 ਫਰਵਰੀ 2025 : ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ,ਪੰਜਾਬ ਦੀ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਸਾਬਕਾ ਚਾਂਸਲਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਰਹੇ ਪਦਮ ਭੂਸ਼ਨ ਡਾ. ਸਰਦਾਰਾ ਸਿੰਘ ਜੌਹਲ ਦਾ 98ਵਾਂ ਜਨਮ ਦਿਹਾੜਾ ਉਨ੍ਹਾਂ ਦੇ ਗੁਰਦੇਵ ਨਗਰ ਨਿਵਾਸ ਵਿਖੇ ਸ਼ਹਿਰ ਦੇ ਸਿਰਕੱਢ  ਲੇਖਕਾਂ, ਸਿੱਖਿਆ ਸ਼ਾਸਤਰੀਆਂ, ਉਦਯੋਗਪਤੀਆਂ, ਕੁਸ਼ਲ ਪ੍ਰਸ਼ਾਸਕਾਂ ਤੇ ਕਲਾਕਾਰਾਂ ਵੱਲੋਂ ਨਿਵੇਕਲੇ ਅਤੇ ਧੂਮਧਾਮ ਨਾਲ ਮਨਾਇਆ ਗਿਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਡਾ. ਜੌਹਲ ਕੋਲ ਬੈਠ ਕੇ ਹਮੇਸ਼ਾਂ  ਜ਼ਿੰਦਗੀ ਦਾ ਕੋਈ ਨਵਾਂ ਨੁਕਤਾ ਹੀ ਮਿਲਦਾ ਹੈ। ਉਹ ਸਾਡੇ ਸਭ ਦੇ ਧਰਮੀ ਬਾਬਲ ਹਨ ਜੋ ਉਂਗਲੀ ਫੜ ਕੇ ਹਰੇਕ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਕੋਲ ਬਹਿ ਕੇ ਨਿੱਕੇ ਹੋਣ ਦਾ ਚੇਤਾ ਨਹੀਂ ਰਹਿੰਦਾ। ਕ ਕ ਬਾਵਾ ਨੇ ਕਿਹਾ ਕਿ ਡਾ. ਜੌਹਲ ਸ਼ਹਿਰ ਦੇ ਸਭ ਤੋਂ ਸੰਘਣੇ ਤੇ ਘਣਛਾਵੇਂ ਬਿਰਖ ਹਨ। ਤੇਜ ਪ੍ਰਤਾਪ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਚਾਲੀ ਸਾਲ ਤੋਂ ਹਰ ਖੇਤਰ ਵਿੱਚ ਡਾ. ਜੌਹਲ ਤੋਂ ਮਿਲੀ ਸਰਪ੍ਰਸਤੀ ਸਾਡਾ ਹਾਸਲ ਹੈ। ਰਣਜੋਧ ਸਿੰਘ ਨੇ ਕਿਹਾ ਕਿ ਪਦਮ ਭੂਸ਼ਨ ਪ੍ਰਾਪਤ ਕਰਨ ਵੇਲੇ ਡਾ. ਜੌਹਲ ਨੇ ਮੈਨੂੰ ਪੁੱਤਰ  ਵਜੋਂ ਨਾਲ ਨਾਲ ਰੱਖਿਆ। ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਡਾ. ਜੌਹਲ ਮੇਂ ਮਾਲੀ ਵਾਂਗ ਆਪਣੇ ਵਿਦਿਆਰਥੀ ਰੂਪੀ ਫੁੱਲਾਂ ਨੂੰ ਹਰ ਕਦਮ ਤੇ ਸੰਭਾਲਿਆ। ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਦੇ ਅਨੁਯਾਈ ਡਾ. ਜੌਹਲ ਨਾ ਭੈ ਮੰਨਦੇ ਸਨ ਤੇ ਨਾ ਕਿਸੇ ਨੂੰ ਭੈਭੀਤ ਕਰਦੇ ਸਨ। ਉਹ ਸਹਿਜ ਤੋਰ ਤੁਰਦੇ ਦਰਿਆ ਵਰਗੇ ਹਨ। ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖਸੀਅਤਾਂ ਡਾ. ਸ ਸ ਜੌਹਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇਣ , ਉਨ੍ਹਾਂ ਤੋਂ ਆਸ਼ੀਰਵਾਦ ਲੈਣ ਅਤੇ ਯਾਦਾਂ ਸਾਂਝੀਆਂ ਕਰਨ ਲਈ ਇਕੱਤਰ ਹੋਈਆਂ। ਇਸ ਮੌਕੇ ਉਚੇਚੇ ਤੌਰ 'ਤੇ ਪੰਜਾਬ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਅਤੇ ਸੱਭਿਆਚਾਰਕ ਕਾਰਕੁਨ ਡਾ. ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ (ਰਜਿ.) ,ਡੀ ਆਰ ਭੱਟੀ, ਰੀਟਾਇਰਡ ਡੀ ਜੀ ਪੀ ਪੰਜਾਬ,ਗੁਰਪ੍ਰੀਤ ਸਿੰਘ ਤੂਰ, ਸਾਬਕਾ ਆਈ.ਜੀ.ਪੁਲਿਸ; ਤੇਜ ਪ੍ਰਤਾਪ ਸਿੰਘ ਸੰਧੂ, ਪ੍ਰਸਿੱਧ ਫੋਟੋ ਕਲਾਕਾਰ; ਰਣਜੋਧ ਸਿੰਘ, ਉਦਯੋਗਪਤੀ ਅਤੇ ਸਿੱਖਿਆ ਸ਼ਾਸਤਰੀ; ਜਗਤਾਰ ਸਿੰਘ ਧੀਮਾਨ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ,ਪ੍ਰਿੰਸੀਪਲ ਡਾ. ਵਿਜੈ ਅਸਧੀਰ, ਕਰਨਲ ਅਮਰਜੀਤ ਸਿੰਘ,ਰਵਿੰਦਰ ਸਿੰਘ ਰੰਗੂਵਾਲ ਪ੍ਰਧਾਨ ਪੰਜਾਬ ਕਲਚਰਲ ਸੋਸਾਇਟੀ,ਉੱਘੇ ਬੈਂਕਰ  ਡਾ. ਬ੍ਰਿਜ ਭੂਸ਼ਨ ਗੋਇਲ, ਅਤੇ ਗੁਰਮੀਤ ਸਿੰਘ, ਮੀਡੀਆ ਕਰਮੀ; ਡਾ. ਗੁਰਇਕਬਾਲ ਸਿੰਘ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਸਿੱਖਿਆ ਸ਼ਾਸਤਰੀ; ਡਾ. ਕੁਲਵਿੰਦਰ ਕੌਰ ਮਿਨਹਾਸ , ਕੁਲਵਿੰਦਰ ਸਿੰਘ ਵਾਲੀਆ ਜੀਵਨ ਸਾਥਣ ਸਮੇਤ ਸਮੇਤ ਹੋਰ ਸ਼ਾਮਲ ਹੋਏ। ਸਭ ਸ਼ੁਭਚਿੰਤਕਾਂ ਨੇ ਡਾ. ਜੌਹਲ ਦੀ ਲੰਬੀ ਉਮਰ ਦੀ ਦੁਆ ਕੀਤੀ ਅਤੇ ਕ ਕ ਬਾਵਾ ਤੇ ਸਾਥੀਆਂ ਨੇ ਸਤਿਕਾਰ ਦੇ ਪ੍ਰਤੀਕ ਵਜੋਂ ਡਾ: ਸ ਸ ਜੌਹਲ ਜੀ ਨੂੰ ਸੁੱਚੇ ਗੁਲਾਬ ਦੀਆਂ ਫੁੱਲ ਮਾਲਾਵਾਂ ਭੇਟ ਕੀਤੀਆਂ। ਸ੍ਰੀ ਗੁਰਪ੍ਰੀਤ ਸਿੰਘ ਤੂਰ ਨੇ ਆਪਣੀ ਹਾਲੀਆ ਫੇਰੀ ਦੌਰਾਨ ਡਾ. ਜੌਹਲ ਦੀ ਜਨਮ ਭੂਮੀ ਲਾਇਲਪੁਰ(ਪਾਕਿਸਤਾਨ )ਤੋਂ ਵਿਸ਼ੇਸ਼ ਤੌਰ ’ਤੇ ਲਿਆਂਦੇ ਗੁੜ ਨਾਲ ਮੂੰਹ ਮਿੱਠਾ ਕਰਵਾਇਆ। ਤੇਜ ਪ੍ਰਤਾਪ ਸੰਧੂ ਅਤੇ ਡਾ: ਕੁਲਵਿੰਦਰ ਕੌਰ ਮਿਨਹਾਸ ਨੇ ਵੀ ਡਾ: ਜੌਹਲ ਨੂੰ ਆਪਣੀਆਂ ਨਵੀਆਂ ਲਿਖੀਆਂ ਪੁਸਤਕਾਂ ਭੇਟ ਕੀਤੀਆਂ। ਜਸ਼ਨ ਦੀ ਭਾਵਨਾ ਨੂੰ ਜੋੜਦੇ ਹੋਏ, ਗਿਆਨ ਅੰਜਨ ਸਕੂਲ ਸਲੇਮ ਟਾਬਰੀ ਦੇ ਬਾਲ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਦਾ ਪਾਠ ਕੀਤਾ। ਇਸ ਮੌਕੇ ਰੌਣਕ ਦੀ ਮਿਠਾਸ ਨੂੰ ਵਧਾਉਂਦੇ ਹੋਏ ਸਾਰਿਆਂ ਨੂੰ ਚਾਕਲੇਟ ਅਤੇ ਲੱਡੂ ਵੰਡੇ ਗਏ। ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ, ਡਾ. ਜੌਹਲ ਨੇ ਕਿਹਾ ਕਿ ਏਨਾ ਜ਼ਿਆਦਾ ਪਿਆਰ ਮੈਨੂੰ ਡੋਲਣ ਨਹੀਂ ਦੇਂਦਾ।  ਸ਼ੁਭਚਿੰਤਕਾਂ ਦੇ ਪਿਆਰ ਭਰੇ ਇਸ ਪਰਿਵਾਰਕ ਜਸ਼ਨ ਨੇ ਮੈਨੂੰ ਸੱਚਮੁੱਚ ਊਰਜਾਵਾਨ ਕੀਤਾ ਹੈ। ਅਜ਼ੀਜ਼ਾਂ ਦੀਆਂ ਦਿਲੀ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਜ਼ਿੰਦਗੀ ਦੇ ਸਫ਼ਰ ਨੂੰ ਜਾਰੀ ਰੱਖਣ 'ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਆਪਣੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਬਾਰੇ ਸੋਚਦੇ ਹੋਏ, ਉਹਨਾ ਅਨੁਸ਼ਾਸਨ ਅਤੇ ਲਗਨ ਨੂੰ ਆਪਣੀ ਲੰਬੀ ਉਮਰ ਦਾ ਕਾਰਨ ਦੱਸਿਆ, ਜੋ ਉਹਨਾ ਦੇ ਮਾਰਗ ਦਰਸ਼ਕ  ਸਿਧਾਂਤ ਰਹੇ ਹਨ।  ਡਾ. ਸ ਸ ਜੌਹਲ ਦੇ ਸਪੁੱਤਰ ਸ. ਜਨਮੇਜਾ ਸਿੰਘ ਜੌਹਲ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਦੇ ਘਰ ਜ਼ਰੂਰ ਪੈਦਾ ਹੋਇਆ ਹਾਂ ਪਰ ਉਹ ਕੌਮੀ ਅਮਾਨਤ ਹਨ। ਉਨ੍ਹਾਂ ਸਾਰਿਆਂ ਦੀ ਤੰਦਰੁਸਤੀ  ਲਈ ਦੁਆ ਕਰਕੇ ਸਮਾਗਮ ਦੀ ਸਮਾਪਤੀ ਕੀਤੀ।