ਪਟਿਆਲਾ, 12 ਜਨਵਰੀ : ਕੇਂਦਰ ਸਰਕਾਰ ਨੇ ਜਿਵੇਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸਿੱਖ ਕੌਮ ਦੀ ਮੰਗ ਅਨੁਸਾਰ ਸ਼ਹਾਦਤ ਦਿਵਸ ਨਾ ਮਨਾ ਕੇ ਵੀਰ ਬਾਲ ਦਿਵਸ ਮਨਾ ਕੇ ਉਨ੍ਹਾਂ ਦੀ ਮੰਗ ਨੂੰ ਦਰਕਿਨਾਰ ਕੀਤਾ, ਉੱਥੇ ਹੁਣ ਕੇਂਦਰ ਦੀ ਸਰਕਾਰ ਵੱਲੋਂ ਸਿੱਖ ਫੌਜੀਆਂ ਦੇ ਸਿਰਾਂ ’ਤੇ ਸਜੀਆ ਦਸਤਾਰਾਂ ਉਪਰ ਹੈਲਮਟ ਪਹਿਨਣ ਦੇ ਕੀਤੇ ਜਾ ਰਹੇ ਯਤਨਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ ਕਿਹਾ ਕਿ ਦਸਤਾਰ ਸਿੱਖ ਦੀ ਸ਼ਾਨ ਹੈ ਅਤੇ ਸਿੱਖ ਕੌਮ ਦੀ ਪਹਿਚਾਨ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਅੰਗਰੇਜ਼ੀ ਸ਼ਾਸਨ ਸਮੇਂ 1846 ਵਿੱਚ ਸਿੱਖ ਰੈਜੀਮੈਂਟ ਖੜੀ ਕੀਤੀ ਗਈ ਸੀ ਤੇ ਵਿਦੇਸ਼ੀ ਸ਼ਾਸਕਾਂ ਵੱਲੋਂ ਵੀ ਸਿੱਖ ਧਰਮ ਵਿੱਚ ਕੋਈ ਦਖਲ-ਅੰਦਾਜ਼ੀ ਨਹੀਂ ਕੀਤੀ ਗਈ ਸੀ ਤੇ ਹੁਣ ਪਹਿਲੀ ਵਾਰ ਦੇਖਣ ਵਿਚ ਆਇਆ ਹੈ ਕਿ ਕੇਂਦਰ ਸਰਕਾਰ ਵੱਲੋਂ ਸਿੱਖਾਂ ਫੌਜੀਆਂ ਦੀਆਂ ਦਸਤਾਰਾਂ ਉਪਰੋਂ ਹੈਲਮਟ ਪਹਿਨਾਏ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਸਿੱਖ ਧਰਮ ਵਿੱਚ ਟੋਪੀ ਪਹਿਨਣ ਨੂੰ ਵਰਜਿਤ ਕਰ ਦਿੱਤਾ ਗਿਆ ਹੈ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਹੁਣ ਤੱਕ ਸਿੱਖ ਰੈਜੀਮੈਂਟ ਵੱਲੋਂ ਦਸਤਾਰ ਸਜਾ ਕੇ ਬਹਾਦਰੀ ਨਾਲ ਲੜਾਈਆਂ ਲੜੀਆਂ ਗਈਆਂ ਤੇ ਦੇਸ਼ ਦੇ ਦੁਸ਼ਮਣਾਂ ਨੂੰ ਚਿੱਤ ਕਰਕੇ ਸ਼ਾਨਦਾਰ ਜਿੱਤਾਂ ਵੀ ਪ੍ਰਾਪਤ ਕੀਤੀਆਂ ਪਰੰਤੂ ਅਜਿਹਾ ਪਹਿਲਾ ਕਦੇ ਨਹੀਂ ਦੇਖਣ ਨੂੰ ਮਿਲਿਆ ਤੇ ਦਸਤਾਰਾਂ ਉਪਰੋਂ ਟੋਪੀਆਂ ਪਹਿਨਾਏ ਜਾਣ ਦੇ ਜਤਨ ਕੀਤੇ ਜਾਣ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਣ-ਬੁੱਝ ਕੇ ਸਿੱਖ ਧਰਮ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਦਖਲ-ਅੰਦਾਜ਼ੀ ਕੀਤੀ ਜਾ ਰਹੀ ਹੈ ਪਰੰਤੂ ਹੁਣ ਸਿੱਖ ਫੌਜੀਆਂ ਵੱਲੋਂ ਸਜਾਈਆਂ ਹੋਈਆਂ ਦਸਤਾਰਾਂ ਉੱਪਰ ਹੈਲਮਟ ਪਾਏ ਜਾਣ ਨੂੰ ਸਿੱਖ ਕੌਮ ਕਦੇ ਪ੍ਰਵਾਨ ਨਹੀਂ ਕਰੇਗੀ ਅਤੇ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਨਾਲ ਹੀ ਕੇਂਦਰ ਸਰਕਾਰ ਨੂੰ ਇਹ ਫੈਸਲਾ ਵਾਪਸ ਕਰਨ ਲਈ ਮਜਬੂਰ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਅਕਾਲੀ ਆਗੂ ਜਥੇਦਾਰ ਮਹਿੰਦਰ ਸਿੰਘ ਬਾਗੜੀਆਂ, ਭਗਵੰਤ ਸਿੰਘ ਧੰਗੇੜਾ ਮੈਨੇਜਰ, ਗੁਰਇਕਬਾਲ ਸਿੰਘ ਮਾਨ, ਬੇਅੰਤ ਸਿੰਘ ਸਮੇਤ ਹੋਰ ਆਗੂ ਵੀ ਹਾਜਰ ਸਨ।