- ਕੇਸਧਾਰੀ ਸਿੱਖ ਵੋਟ ਬਣਵਾਉਣ ਲਈ ਸਬੰਧਤ ਐਸ.ਡੀ.ਐਮ. ਦਫ਼ਤਰ ਜਾਂ ਸਬੰਧਤ ਪਟਵਾਰੀ ਨੂੰ ਦੇ ਸਕਦੇ ਹਨ ਫਾਰਮ
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ : ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਐਸ.ਜੀ.ਪੀ.ਸੀ. ਚੋਣਾਂ ਸਬੰਧੀ ਗੁਰਦੁਆਰਾ ਬੋਰਡ ਚੋਣ ਹਲਕਿਆਂ ਦੇ ਰਿਵਾਈਜਿੰਗ ਅਥਾਰਟੀ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਗੁਰਦੁਆਰਾ ਬੋਰਡ ਚੋਣ ਹਲਕਾ 60-ਫ਼ਤਹਿਗੜ੍ਹ ਸਾਹਿਬ, 61-ਬਸੀ ਪਠਾਣਾ ਤੇ 62-ਅਮਲੋਹ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਕਮਿਸ਼ਨਰ ਗੁਰਦੁਆਰਾ ਚੋਣਾ, ਪੰਜਾਬ ਵੱਲੋਂ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮਾਵਲੀ 11959 ਅਧੀਨ ਗੁਰਦੁਆਰਾ ਵੋਟਾਂ ਦੀ ਰਜਿਸਟਰੇਸ਼ਨ ਦਾ ਕੰਮ 21 ਅਕਤੂਬਰ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਹ 15 ਨਵੰਬਰ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਵੋਟ ਬਣਾਉਣ ਲਈ ਫਾਰਮ ਨੰ: 1, ਕੇਸਾਧਾਰੀ ਸਿੱਖ ਲਈ ਭਰਿਆ ਜਾਵੇਗਾ ਅਤੇ 5 ਦਸੰਬਰ ਨੂੰ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟ ਬਣਵਾਉਣ ਲਈ ਵੋਟਰ ਦੀ ਉਮਰ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ 21 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੇਸਾਧਾਰੀ ਸਿੱਖ ਜੋ ਕਿ ਆਪਣੀ ਦਾੜ੍ਹੀ ਜਾਂ ਕੇਸਾਂ ਨੂੰ ਕੱਟਦਾ ਨਾ ਹੋਵੇ ਅਤੇ ਫਾਰਮ ਵਿੱਚ ਦਰਜ਼ ਨਿਯਮਾਂ ਦੀ ਪਾਲਣਾ ਕਰਦਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵੋਟਰ ਜਿਥੇ ਰਹਿੰਦਾ ਹੋਵੇ ਉਥੋਂ ਦੇ ਸਬੰਧਤ ਗੁਰਦੁਆਰਾ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਉਣ ਲਈ ਫਾਰਮ ਭਰ ਕੇ ਪਿੰਡਾਂ ਵਿੱਚ ਪਟਵਾਰੀਆਂ ਅਤੇ ਸ਼ਹਿਰਾਂ ਵਿੱਚ ਸਬੰਧਤ ਉਪ ਮੰਡਲ ਮੈਜਿਸਟਰੇਟ ਵੱਲੋਂ ਨਿਯੁਕਤ ਕਰਮਚਾਰੀਆਂ ਨੂੰ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਫਾਰਮ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਆਧਾਰ ਕਾਰਡ ਜਾਂ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਸ਼ਨਾਖਤੀ ਕਾਰਡ ਤੋਂ ਵੋਟਰ ਦਾ ਨਾਮ, ਮਾਤਾ/ਪਿਤਾ ਅਤੇ ਪਤੀ ਦੇ ਨਾਮ ਆਦਿ ਦੀ ਤਸਦੀਕ ਅਤੇ ਪੁਸ਼ਟੀ ਕੀਤੀ ਜਾਵੇਗੀ ਅਤੇ ਨੰਬਰ ਲਿਖਿਆ ਜਾਵੇਗਾ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟ ਬਣਵਾਉਣ ਲਈ ਫਾਰਮ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ www.fatehgarhsahib.nic.in ਤੇ ਉਪਲਬਧ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ ਵੱਲੋਂ ਆਪਣਾ ਫਾਰਮ ਨਿੱਜੀ ਤੌਰ ਤੇ ਜਮ੍ਹਾਂ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਬੰਡਲਾਂ ਦੇ ਰੂਪ ਵਿੱਚ ਫਾਰਮ ਪ੍ਰਾਪਤ ਨਹੀਂ ਕੀਤੇ ਜਾਣਗੇ। ਇਸ ਤੋਂ ਇਲਾਵ ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਸਬੰਧਤ ਪਿੰਡ ਦੇ ਪਟਵਾਰੀ ਅਤੇ ਸ਼ਹਿਰ ਦੀ ਸਥਿਤੀ ਵਿੱਚ ਕਾਰਜਸਾਧਕ ਅਫਸਰ ਵੱਲੋਂ ਨਿਯੁਕਤ ਕਰਮਚਾਰੀ ਨੂੰ ਆਪਣਾ ਫਾਰਮ ਭਰ ਕੇ ਮਿਥੇ ਸਮੇਂ ਵਿੱਚ ਦਿੱਤਾ ਜਾਵੇ ਅਤੇ ਵੋਟਰ ਰਜਿਸਟਰੇਸ਼ਨ ਦੀ ਇਸ ਮੁਹਿੰਮ ਵਿੱਚ ਹਿੱਸਾ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਅਹਿਮ ਕੰਮ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਈ ਜਾਵੇ।