- ਮਾਲ ਰਿਕਾਰਡ ਦੀ ਅਪਡੇਸ਼ਨ, ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ, ਜਮ੍ਹਾਬੰਦੀ, ਮੁਸਾਵੀਆਂ ਦੀ ਡਿਜੀਟਾਈਜ਼ੇਸ਼ਨ ਆਦਿ ਸਬੰਧੀ ਕਾਰਜਾਂ ਦਾ ਵੀ ਲਿਆ ਜਾਇਜ਼ਾ
- ਡਿਪਟੀ ਕਮਿਸ਼ਨਰ ਵੱਲੋਂ ਨੈਸ਼ਨਲ ਹਾਈਵੇਅ ਜ਼ਮੀਨ ਸੌ ਫ਼ੀਸਦੀ ਜ਼ਮੀਨ ਐਕਵਾਇਰ /ਕਬਜ਼ੇ ਦੀ ਪ੍ਰਕਿਰਿਆ ਜਲਦ ਤੋਂ ਜਲਦ ਮੁਕੰਮਲ ਦੇ ਨਿਰਦੇਸ਼ ਜਾਰੀ
- ਡਿਪਟੀ ਕਮਿਸ਼ਨਰ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਡਿੰਗ ਕੋਰਟ ਕੇਸ਼ ਵਿੱਚ ਤੇਜ਼ੀ ਲਿਆ ਕੇ ਨਿਪਟਾਉਣ ਦੇ ਦਿੱਤੇ ਹੁਕਮ
ਮਾਲੇਰਕੋਟਲਾ 06 ਸਤੰਬਰ : ਡਿਪਟੀ ਕਮਿਸ਼ਨਰ ਡਾ ਪੱਲਵੀ ਵੱਲੋਂ ਮਾਲ ਵਿਭਾਗ ਦੇ ਕੰਮਾਂ ਦੀ ਸਮੀਖਿਆ ਅਤੇ ਪੈਡਿੰਗ ਕੇਸਾਂ ਦੇ ਨਿਪਟਾਰੇ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਰੀਵਿਊ ਮੀਟਿੰਗ ਕਰਦਿਆ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਲ ਵਿਭਾਗ ਸਬੰਧੀ ਸੇਵਾਵਾਂ ਨੂੰ ਮਿਥੇ ਸਮੇਂ ਅੰਦਰ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਈਆਂ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਜ਼ਿਲ੍ਹੇ ਦੇ ਆਮ ਨਾਗਰਿਕਾਂ ਨੂੰ ਖੱਜਲ ਖ਼ੁਆਰ ਨਾ ਹੋਣਾ ਪਵੇ। ਲੋਕਾਂ ਦੀ ਸਹੂਲਤ ਲਈ ਵੀ ਘੱਟੋ ਘੱਟ ਸਮੇਂ ਵਿੱਚ ਮਾਲ ਵਿਭਾਗ ਨਾਲ ਸਬੰਧਤ ਸਮੁੱਚੀਆਂ ਸਹੂਲਤਾਂ ਘੱਟੋ-ਘੱਟ ਸਮੇਂ ਵਿੱਚ ਮੁਹੱਈਆ ਕਰਵਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਮਾਲ ਰਿਕਾਰਡ ਦੀ ਅਪਡੇਸ਼ਨ, ਰੈਵੀਨਿਊ ਕੋਰਟ ਮੈਨੇਜਮੈਂਟ ਸਿਸਟਮ, ਜਮ੍ਹਾਬੰਦੀ, ਮੁਸਾਵੀਆਂ ਦੀ ਡਿਜੀਟਾਈਜ਼ੇਸ਼ਨ ਆਦਿ ਸਬੰਧੀ ਕਾਰਜਾਂ ਦਾ ਜਾਇਜ਼ਾ ਲਿਆ । ਉਨ੍ਹਾਂ ਹਦਾਇਤਾਂ ਕੀਤੀ ਕਿ ਜਮ੍ਹਾਬੰਦੀਆਂ ,ਇੰਤਕਾਲ ਆਦਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਦੇ ਤੁਰੰਤ ਨਿਪਟਾਰੇ ਲਈ ਕਦਮ ਚੁੱਕੇ ਜਾਣ ਅਤੇ ਇਨ੍ਹਾਂ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨ੍ਹਾਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ ਨੂੰ ਲੰਬਿਤ ਮਾਮਲਿਆਂ ਵਿੱਚ ਨਜ਼ਰਸਾਨੀ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਲੰਬਿਤ ਅਰਜ਼ੀਆਂ ਦੀ ਬਕਾਇਆ ਦਰ ਸਿਫ਼ਰ ਕੀਤੀ ਜਾ ਸਕੇ । ਇਸ ਮੌਕੇ ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਡਿੰਗ ਕੋਰਟ ਕੇਸ਼ ਵਿੱਚ ਤੇਜ਼ੀ ਲਿਆ ਕੇ ਨਿਪਟਾਉਣ ਦੇ ਹੁਕਮ ਵੀ ਦਿੱਤੇ। ਨੈਸ਼ਨਲ ਹਾਈਵੇਅ ਜ਼ਮੀਨ ਐਕਵਾਇਰ ਕਰਨ ਸਬੰਧੀ ਹਦਾਇਤ ਜਾਰੀ ਕਰਦਿਆ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੌ ਫ਼ੀਸਦੀ ਜ਼ਮੀਨ ਦੇ ਕਬਜ਼ੇ ਦੀ ਪ੍ਰਕਿਰਿਆ ਜਲਦ ਤੋਂ ਜਲਦ ਮੁਕੰਮਲ ਕੀਤੀ ਜਾਵੇ ਤਾਂ ਜੋ ਨੈਸ਼ਨਲ ਹਾਈਵੇ ਦਾ ਕੰਮ ਸੁਚਾਰੂ ਰੂਪ ਵਿੱਚ ਲਗਾਤਾਰ ਚੱਲ ਚੱਕੇ ਅਤੇ ਨਿਰਧਾਰਿਤ ਸਮੇਂ ਸੀਮਾ ਅਧੀਨ ਮੁਕੰਮਲ ਹੋ ਸਕੇ। ਡਿਪਟੀ ਕਮਿਸ਼ਨਰ ਨੇ ਸਵਾਮਿਤਵਾ ਸਕੀਮ ' ਮੇਰਾ ਘਰ ਮੇਰੇ ਨਾਮ ' ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਵੀ ਆਖਿਆ ਤਾਂ ਜੋ ਸਰਕਾਰ ਦੀਆਂ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਲਾਲ ਲਕੀਰ ਦੇ ਵਸਨੀਕਾਂ ਨੂੰ ਕਾਨੂੰਨੀ ਮਾਲਕੀ ਦੇ ਹੱਕਾਂ ਦੇ ਸਰਟੀਫਿਕੇਟ ਦਿੱਤਾ ਜਾ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ ਬਾਂਸਲ, ਐਸ.ਡੀ.ਐਮ. ਮਾਲੇਰਕੋਟਲਾ/ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਐਸ.ਡੀ.ਐਮ. ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਦੀਪ ਚਾਵਲਾ, ਤਹਿਸੀਲਦਾਰ ਮਾਲੇਰਕੋਟਲਾ ਸ੍ਰੀ ਰਾਮ ਲਾਲ, ਤਹਿਸੀਲਦਾਰ ਅਹਿਮਦਗੜ੍ਹ ਮਨਮੋਹਨ ਕੁਮਾਰ ਸਦਰ ਕਾਨੂੰਗੋ ਸ੍ਰੀ ਰਣਜੀਤ ਸਿੰਘ ਅਤੇ ਏ.ਐਸ.ਐਮ. ਫ਼ਰਦ ਕੇਂਦਰ ਸ੍ਰੀ ਵਿਕਾਸ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ।