- ਬਾਲ ਮਜ਼ਦੂਰੀ ਕਰ ਰਹੇ 57 ਬੱਚਿਆਂ ਨੂੰ ਕਰਵਾਇਆ ਰੈਸਕਿਊ
- ਛੁਡਵਾਏ ਗਏ ਬੱਚਿਆਂ 'ਚ 54 ਲੜਕੇ ਤੇ 3 ਲੜਕੀਆਂ ਵੀ ਹਨ ਸ਼ਾਮਲ
ਲੁਧਿਆਣਾ, 12 ਜੂਨ : ਬਾਲ ਮਜ਼ਦੂਰੀ ਦੀ ਰੋਕਥਾਮ ਤਹਿਤ ਉਪ ਮੰਡਲ ਮੈਜਿਸਟ੍ਰੇਟ ਜਸਲੀਨ ਕੌਰ ਭੁੱਲਰ ਦੀ ਅਗਵਾਈ ਹੇਠ ਜ਼ਿਲ੍ਹਾ ਟਾਸਕ ਫੋਰਸ ਟੀਮ ਵਲੋਂ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਚਨਚੇਤ ਚੈਕਿੰਗ ਕਰਦਿਆਂ 57 ਬੱਚਿਆਂ ਨੂੰ ਰੈਸਕਿਊ ਕਰਵਾਇਆ ਗਿਆ ਜਿਨ੍ਹਾਂ ਵਿੱਚ 54 ਲੜਕੇ ਅਤੇ 3 ਲੜਕੀਆਂ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਬਚਪਨ ਬਚਾਓ ਅੰਦੋਲਨ (ਬੀ.ਬੀ.ਏ.) ਵਲੋਂ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਕਮਿਸ਼ਨ (ਐਨ.ਸੀ.ਪੀ.ਸੀ.ਆਰ.) ਨੂੰ ਬਾਲ ਮਜ਼ਦੂਰੀ ਸਬੰਧੀ ਸ਼ਿਕਾਇਤ ਕੀਤੀ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਖੰਨਾ ਦੀ ਅਗਵਾਈ ਵਿੱਚ ਚਾਈਲਡ ਲੇਬਰ ਨੂੰ ਖ਼ਤਮ ਕਰਨ ਲਈ ਪਹਿਲੀ ਜੂਨ ਤੋਂ 30 ਜੂਨ, 2023 ਤੱਕ ਐਕਸ਼ਨ ਪਲਾਨ ਤਿਆਰ ਕੀਤਾ ਗਿਆ। ਐਕਸ਼ਨ ਪਲਾਨ ਵਿੱਚ ਹਫ਼ਤਾਵਾਰ ਗਤੀਵਿਧੀਆਂ ਰਾਹੀਂ ਪੂਰੇ ਮਹੀਨੇ ਵਿੱਚ ਬਚਪਨ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਐਸ.ਡੀ.ਐਮ. ਭੁੱਲਰ ਨੇ ਅੱਗੇ ਦੱਸਿਆ ਕਿ ਲੁਧਿਆਣਾ ਵਿੱਚ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਵੱਖ-ਵੱਖ ਇਲਾਕਿਆ ਵਿੱਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਰੇਡ ਕੀਤੀ ਗਈ। ਰੇਡ ਦੌਰਾਨ ਰੇਲਵੇ ਸਟੇਸ਼ਨ ਲੁਧਿਆਣਾ ਦੇ ਆਸ-ਪਾਸ ਦੀਆਂ ਦੁਕਾਨਾਂ ਤੋਂ 8 ਬੱਚਿਆਂ ਨੂੰ ਬਾਲ ਮਜਦੂਰੀ ਕਰਦੇ ਹੋਏ ਰੈਸਕਿਊ ਕਰਵਾਇਆ ਗਿਆ। ਇਸੇ ਤਰ੍ਹਾਂ ਜੋਧੇਵਾਲ ਬਸਤੀ ਇਲਾਕੇ ਵਿੱਚ ਵੀ ਰੇਡ ਕੀਤੀ ਗਈ ਜਿੱਥੇ 2 ਅਦਾਰਿਆਂ ਤੋਂ 49 ਬੱਚਿਆਂ ਨੂੰ ਬਾਲ ਮਜਦੂਰੀ ਕਰਦੇ ਹੋਏ ਰੈਸਕਿਊ ਕਰਵਾਇਆ ਗਿਆ। ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਬਾਲ ਘਰਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਟੀਮ ਵਿੱਚ ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਸ਼ਮੀ, ਮੈਂਬਰ ਐਨ.ਸੀ.ਪੀ.ਸੀ.ਆਰ. ਸ਼੍ਰੀਮਤੀ ਪਾਇਲ ਸ਼ਰਮਾ, ਸ਼੍ਰੀ ਮੱਖਣ ਸਿੰਘ, ਸ਼੍ਰੀ ਨਰਿੰਦਰ ਸਿੰਘ ਅਤੇ ਮਿਸ ਹਰਪ੍ਰੀਤ ਕੌਰ (ਲੇਬਰ ਇੰਸਪੈਕਟਰ), ਹਰਮਿੰਦਰ ਸਿੰਘ (ਸਿੱਖਿਆ ਵਿਭਾਗ), ਸ਼੍ਰੀ ਤੇਜਪਾਲ ਸਿੰਘ ਮੈਂਬਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਤੋਂ ਇਲਾਵਾ ਬਚਪਨ ਬਚਾਓ ਅੰਦੋਲਨ (ਬੀ.ਬੀ.ਏ.) ਤੋਂ ਸ੍ਰੀ ਯਾਦਵਿੰਦਰ ਸਿੰਘ, ਸ੍ਰੀ ਸੰਦੀਪ ਕੁਮਾਰ, ਸ੍ਰੀ ਸਿਧਾਰਥ, ਆਸਿਫ ਅਤੇ ਸ੍ਰੀ ਸਾਗਰ ਵੀ ਮੌਜੂਦ ਸਨ।