- ਪਟਿਆਲਾ ਸਬ ਡਵੀਜ਼ਨ ‘ਚ ਫ਼ਸਲਾਂ ਦੇ ਖਰਾਬੇ ਦੀ ਗਿਰਦਾਵਰੀ ਦਾ ਕੰਮ ਜਾਰੀ : ਡਾ. ਸਿੰਘ
- ਪਿੰਡ ਨੈਣਾ ਅਕੌਤ, ਉਲਟਪੁਰ, ਅਲੀਪੁਰ ਜੱਟਾਂ ਤੇ ਧਰਮਹੇੜੀ ਦਾ ਕੀਤਾ ਦੌਰਾ
ਪਟਿਆਲਾ, 4 ਅਗਸਤ : ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ ਨੇ ਅੱਜ ਸਬ ਡਵੀਜ਼ਨ ਪਟਿਆਲਾ ‘ਚ ਹੜ੍ਹਾਂ ਦੌਰਾਨ ਹੋਏ ਘਰਾਂ ਦੇ ਨੁਕਸਾਨ ਦਾ ਮੁਆਇਨਾ ਕੀਤਾ ਅਤੇ ਘੱਗਰ ਅਤੇ ਮੀਰਾਪੁਰ ਚੋਅ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਤਹਿਸੀਲਦਾਰ ਪਟਿਆਲਾ ਜੀਨਸੂ ਬਾਂਸਲ ਅਤੇ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਪਟਿਆਲਾ ਜ਼ਿਲ੍ਹੇ ਦੇ ਪਿੰਡ ਨੈਣਾ ਔਕਤ, ਉਲਟਪੁਰ, ਅਲੀਪੁਰ ਜੱਟਾਂ ਅਤੇ ਧਰਮਹੇੜੀ ਵਿੱਚ ਹੋਏ ਮਕਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਕਿਹਾ ਕਿ ਨੁਕਸਾਨ ਸਬੰਧੀ ਰਿਪੋਰਟ ਤਿਆਰ ਹੋ ਚੁੱਕੀ ਹੈ ਤੇ ਜਲਦੀ ਹੀ ਮੁਆਵਜ਼ਾ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਵੇਗਾ। ਉਨ੍ਹਾਂ ਘੱਗਰ ਅਤੇ ਮੀਰਾਪੁਰ ਚੋਅ ਦੇ ਨਾਲ ਲੱਗਦੀਆਂ ਜਮੀਨਾਂ ਜਿਨ੍ਹਾਂ ਦਾ ਹੜ੍ਹਾਂ ਦੌਰਾਨ ਨੁਕਸਾਨ ਹੋਇਆ ਹੈ ਤਾਂ ਜਾਇਜ਼ਾ ਲੈਂਦਿਆਂ ਕਿਹਾ ਕਿ ਇਸ ਸਬੰਧੀ ਪਟਵਾਰੀਆਂ ਵੱਲੋਂ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਡਾ. ਇਸਮਿਤ ਵਿਜੈ ਸਿੰਘ ਨੇ ਪੀੜਤ ਪਿੰਡਾਂ ਦੇ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਦੀ ਖੁਦ ਨਿਗਰਾਨੀ ਕਰ ਰਹੇ ਹਨ ਤੇ ਉਨ੍ਹਾਂ ਆਦੇਸ਼ ਦਿੱਤੇ ਹਨ ਕਿ ਪੀੜਤ ਕਿਸਾਨਾਂ ਨੂੰ ਗਿਰਦਾਵਰੀਆਂ ਕਰਕੇ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਖਰਾਬ ਹੋਈ ਹੈ ਉਹ ਝੋਨੇ ਦੀ ਪਨੀਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪਾਸੋਂ ਮੁਫ਼ਤ ਪ੍ਰਾਪਤ ਕਰ ਸਕਦੇ ਹਨ।