ਜਗਰਾਓ, 06 ਅਗਸਤ 2024 : ਜਗਰਾਓਂ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ । ਇਸ ਹਾਦਸੇ ਵਿੱਚ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ ਜਦਕਿ ਪੰਜ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਏ ਹਨ। ਮ੍ਰਿਤਕ ਬੱਚੇ ਦੀ ਪਛਾਣ ਗੁਰਮਨ ਸਿੰਘ ਵਜੋਂ ਹੋਈ ਹੈ। ਉਹ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਰਾਏਕੋਟ ਰੋਡ ‘ਤੇ ਪਿੰਡ ਅਖਾੜਾ ਅਤੇ ਹੋਰ ਪਿੰਡਾਂ ਦੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਵੈਨ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਦਰੱਖਤ ਨਾਲ ਟਕਰਾ ਕੇ ਪੂਰੀ ਵੈਨ ਚਕਨਾਚੂਰ ਹੋ ਗਈ। ਇਸ ਹਾਦਸੇ ‘ਚ ਪੰਜ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵੈਨ ਦਾ ਡਰਾਈਵਰ ਕਾਫੀ ਦੂਰੀ ਤੋਂ ਤੇਜ਼ ਰਫਤਾਰ ਨਾਲ ਜਾ ਰਿਹਾ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਵੈਨ ‘ਚ ਸਵਾਰ ਬੱਚੇ ਬਹੁਤ ਦੁਖੀ ਹੋ ਗਏ ਅਤੇ ਰੋਣ ਲੱਗੇ। ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਬੱਚਿਆਂ ਦੇ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚ ਗਏ ਅਤੇ ਬੱਚਿਆਂ ਨੂੰ ਚੁੱਕ ਕੇ ਲੈ ਗਏ। ਹਾਦਸੇ ਕਾਰਨ ਇੱਕ ਕਿਲੋਮੀਟਰ ਤੱਕ ਜਾਮ ਲੱਗ ਗਿਆ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਵਾਜਾਈ ਨੂੰ ਚਾਲੂ ਕਰਵਾਇਆ ਅਤੇ ਜਾਂਚ ਆਰੰਭ ਕਰ ਦਿੱਤੀ ਗਈ ਹੈ। ਇਸ ਹਾਦਸੇ ਵਿੱਚ ਦੂਜੀ ਜਮਾਤ ਦੀ ਅਕਾਸ਼ਦੀਪ ਕੌਰ, ਦਸਵੀਂ ਜਮਾਤ ਦੀ ਅਰਸ਼ਦੀਪ ਕੌਰ, ਪਹਿਲੀ ਜਮਾਤ ਦਾ ਗੁਰੂ ਸਾਹਿਬ ਸਿੰਘ ਸਾਰੇ ਵਾਸੀ ਪਿੰਡ ਡਾਲਾ, ਪੰਜਵੀਂ ਜਮਾਤ ਦਾ ਸੁਖਮਨ ਸਿੰਘ ਅਤੇ ਚੌਥੀ ਜਮਾਤ ਦੀ ਗੁਰਲੀਨ ਕੌਰ ਵਾਸੀ ਪਿੰਡ ਅਖਾੜਾ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਜਗਰਾਉਂ ਦੇ ਨਿੱਜੀ ਕਲਿਆਣੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਇਸ ਮਾਮਲੇ ਦੇ ਵਿੱਚ ਪੁਲਿਸ ਨੇ ਸਕੂਲ ਦੀ ਪ੍ਰਿੰਸੀਪਲ ਅਤੇ ਬੱਸ ਦੇ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲਿਆ ਹੈ। ਇਸ ਤੋਂ ਪਹਿਲਾਂ ਕੁਝ ਸਮਾਜ ਸੇਵੀ ਜਥੇਬੰਦੀਆਂ, ਕਿਸਾਨਾਂ ਵੱਲੋਂ ਅਤੇ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਦੀ ਮ੍ਰਿਤਕ ਦੇਹ ਨੂੰ ਸੜਕ 'ਤੇ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਉਸ ਨੇ ਮੌਕੇ 'ਤੇ ਪਹੁੰਚ ਕੇ ਸਕੂਲ ਪ੍ਰਸ਼ਾਸਨ ਅਤੇ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ। ਜਿਸ ਤੋਂ ਬਾਅਦ ਮਾਪਿਆਂ ਨੇ ਧਰਨਾ ਖਤਮ ਕੀਤਾ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੰਦੀਪ ਵਡੇਰਾ ਨੇ ਦੱਸਿਆ ਕਿ ਅਸੀਂ ਅਗਲੇਰੀ ਕਾਰਵਾਈ ਕਰ ਰਹੇ ਹਾਂ ਪਰ ਫਿਲਹਾਲ ਅਸੀਂ ਸ਼ੁਰੂਆਤੀ ਦੌਰ ਦੇ ਵਿੱਚ ਨਵੇਂ ਕਨੂੰਨਾਂ ਤਹਿਤ ਮਾਮਲਾ ਦਰਜ ਕਰਕੇ ਸਕੂਲ ਦੀ ਪ੍ਰਿੰਸੀਪਲ ਅਤੇ ਸਕੂਲ ਬੱਸ ਦੇ ਡਰਾਈਵਰ ਨੂੰ ਰਾਊਂਡ ਅੱਪ ਕਰ ਲਿਆ ਹੈ।