ਬਠਿੰਡਾ, 19 ਫਰਵਰੀ : ਬਠਿੰਡਾ ਦੇ ਹਲਕਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤ ਰਤਨ ਦੇ ਪੀ ਏ ਰਸ਼ੀਮ ਗਰਗ ਨੂੰ ਵਿਜੀਲੈਂਸ ਵੱਲੋਂ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆ ਰੰਗੇ ਹੱਥੀ ਗ੍ਰਿਫਤਾਰ ਕਰ ਲਏ ਜਾਣ ਤੋਂ ਬਾਅਦ ਸ਼ਿਕਾਇਤਕਰਤਾ ਪਿੰਡ ਘੁੱਦਾ ਮਹਿਲਾ ਸਰਪੰਚ ਸੀਮਾ ਦੇ ਪਤੀ ਪ੍ਰਿਤਪਾਲ ਸਿੰਘ ਵੱਲੋਂ ਸਰਪੰਚ ਯੂਨੀਅਨ ਨਾਲ ਬੈਠ ਕੀਤੀ ਗਈ। ਇਸ ਮੌਕੇ ਸਰਪੰਚ ਯੂਨੀਅਨ ਬਠਿੰਡਾ ਜ਼ਿਲ੍ਹਾ ਦੇ ਪ੍ਰਧਾਨ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪਿਛਲੇ ਦਿਨੀਂ ਹਲਕਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੇ ਪੀ ਏ ਰਿਸ਼ਵਤ ਲੈਂਦਾ ਫੜਿਆ ਗਿਆ ਹੈ, ਪਰ ਵਿਧਾਇਕ ਖਿਲਾਫ ਕਿਸੇ ਤਰਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜੇਕਰ ਸਰਕਾਰ ਨੇ ਆਉਂਦੇ ਦਿਨਾਂ ਵਿੱਚ ਵਿਧਾਇਕ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਇਹ ਸੰਘਰਸ਼ ਸਰਕਾਰ ਖਿਲਾਫ ਵਿੱਢਿਆ ਜਾਵੇਗਾ ਅਤੇ ਸੂਬੇ ਭਰ ਦੇ ਸਰਪੰਚਾਂ ਨੂੰ ਇਕੱਠਾ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਵਾਲੇ ਖ਼ੁਦ ਭ੍ਰਿਸ਼ਟਾਚਾਰ ਨਾਲ ਲਿਪਤ ਹਨ। 4 ਲੱਖ ਰਿਸ਼ਵਤ ਕਾਂਡ ਚ ਸ਼ਿਕਾਇਤ ਕਰਤਾ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਿੱਧੇ ਤੌਰ ਤੇ ਬਠਿੰਡਾ ਦਿਹਾਤੀ ਵਿਧਾਇਕ ਅਮਿਤ ਰਤਨ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇਕਰ ਆਉਂਦੇ ਦਿਨਾਂ ਵਿੱਚ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਤਾਂ ਸਰਪੰਚ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਸਰਪੰਚ ਯੂਨੀਅਨ ਬਲਾਕ ਸੰਗਤ ਦੇ ਪ੍ਰਧਾਨ ਸ ਸਰਨਜੀਤ ਸਿੰਘ ਦਾ ਕਹਿਣਾ ਹੈ ਕਿ ਵਿਧਾਇਕ ਮਿੱਤਲ ਵੱਲੋਂ ਪਹਿਲਾਂ ਵੀ ਕਈ ਪੰਚਾਂ-ਸਰਪੰਚਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ ਅਤੇ ਵਿਕਾਸ ਕਾਰਜਾਂ ਲਈ ਆਈਆਂ ਹੋਈਆਂ ਗ੍ਰਾਂਟਾਂ ਨੂੰ ਜਾਰੀ ਨਹੀਂ ਸੀ ਕਰਨ ਦਿੱਤਾ ਜਾਂਦਾ ਹੁਣ ਜਦੋਂ ਭਿਸਟਾਚਾਰ ਜੱਗ ਉਜਾਗਰ ਹੋ ਚੁੱਕਿਆ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਧਾਇਕ ਖਿਲਾਫ ਸਖਤ ਕਾਰਵਾਈ ਕਰੇ।