ਫਾਜ਼ਿਲਕਾ, 6 ਜੁਲਾਈ : ਸਰਕਾਰ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਅੰਦਰ ਵਨ ਸਟਾਪ ਸਖੀ ਸੈਂਟਰ ਚਲਾਇਆ ਜਾ ਰਿਹਾ ਹੈ।ਇਸ ਸੈਂਟਰ ਤੋਂ ਔਰਤਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਲਈ ਸਖ਼ੀ ਸੈਂਟਰ ਵੱਲੋਂ ਡਿਪਟੀ ਕਮਿ਼ਸ਼ਨਰ ਡਾ: ਸੇਨੂ ਦੁੱਗਲ ਦੇ ਨਿਰਦੇਸ਼ਾਂ ਤੇ ਇਕ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਸਖ਼ੀ ਸੈਂਟਰ ਵਿਖੇ 18 ਸਾਲ ਦੀ ਉਮਰ ਤੋਂ ਵੱਧ ਔਰਤਾਂ ਜ਼ਿਨ੍ਹਾਂ ਨਾਲ ਕਿਸੇ ਪ੍ਰਕਾਰ ਦੀ ਹਿੰਸਾ ਜਿਵੇਂ ਕਿ ਘਰੇਲੂ ਹਿੰਸਾ, ਬਲਾਤਕਾਰ, ਤੇਜਾਬੀ ਹਮਲਾ, ਜਿਨਸੀ ਹਮਲਾ, ਛੇੜਛਾੜ ਆਦਿ ਤੋਂ ਪੀੜਿਤ ਹੋਣ ਦੀ ਹਾਲਤ ਵਿਚ ਉਨ੍ਹਾਂ ਨੂੰ ਇਕ ਹੀ ਛੱਤ ਹੇਠ ਜ਼ਰੂਰਤ ਅਨੁਸਾਰ ਵੱਖ—ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜ਼ਿਲ੍ਹਾਂ ਪ੍ਰੋਗਰਾਮ ਅਫਸਰ ਮੈਡਮ ਨਵਦੀਪ ਕੌਰ ਨੇ ਦੱਸਿਆ ਕਿ ਇਹ ਸੈਂਟਰ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਅਧੀਨ ਵੱਖ—ਵੱਖ ਜਿਲਿ੍ਹਆਂ ਵਿਚ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਂਟਰ ਦੌਰਾਨ ਹਿੰਸਾਂ ਨੂੰ ਪੀੜ੍ਹਤ ਔਰਤਾਂ ਨੂੰ ਇਕ ਹੀ ਛੱਤ ਹੇਠ ਜ਼ਰੂਰਤ ਅਨੁਸਾਰ ਵੱਖ—ਵੱਖ ਸੇਵਾਵਾਂ ਜਿਵੇਂ ਕਿ ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਡਾਕਟਰੀ ਸਹਾਇਤਾ, ਮਨੋਵਿਗਿਆਨਕ ਸਲਾਹ ਅਤੇ ਅਸਥਾਈ ਰਿਹਾਇਸ਼ ਮੁਹੱਈਆ ਕਰਵਾਈ ਜਾਂਦੀ ਹੈ। ਸਖੀ ਸੈਂਟਰ ਬਾਰੇ ਜਾਣਕਾਰੀ ਦਿੰਦੇ ਫਾਜ਼ਿਲਕਾ ਦੀ ਸੈਂਟਰ ਐਡਮਿਨੀਸਟਰੇਟਰ ਗੌਰੀ ਸਚਦੇਵਾ ਨੇ ਦੱਸਿਆ ਕਿ ਸੈਂਟਰ ਦੇ ਸਟਾਫ ਮੈਂਬਰ ਵੱਲੋਂ ਫਾਜ਼ਿਲਕਾ ਤੇ ਜਲਾਲਾਬਾਦ ਨਾਲ ਲੱਗਦੇ ਵੱਖ—ਵੱਖ ਪਿੰਡਾਂ, ਬਲਡ ਕੈਂਪ, ਮੁਹੱਲਾ ਕਲੀਨਿਕ, ਸਾਂਝ ਕੇਂਦਰਾਂ ਵਿਖੇ ਜਾ ਕੇ ਆਂਗਣਵਾੜੀ ਨਾਲ ਮੀਟਿੰਗ ਕੀਤੀਆਂ ਜਾਂਦੀਆਂ ਹਨ ਤੇ ਸਖੀ ਸੈਂਟਰ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਦੀ ਸਕੀਮਾਂ ਸਬੰਧੀ ਮੁਹੱਲਾ ਕਲੀਨਿਕ, ਡੀ.ਏ.ਵੀ. ਬੀ.ਐਡ ਕਾਲਜ ਫਾਰ ਵੂਮੈਨ ਫਾਜ਼ਿਲਕਾ, ਐਸ.ਡੀ.ਕਾਲਜ ਫਾਰ ਵੂਮੈਨ ਫਾਜ਼ਿਲਕਾ, ਸਰਕਾਰੀ ਸਕੂਲ ਪਿੰਡ ਲਾਲੋ ਵਾਲੀ, ਸਰਕਾਰੀ ਸਕੂਲ ਪਿੰਡ ਹਸਤਾ ਕਲਾਂ, ਐਸ.ਕੇ. ਬੀ.ਡੀ.ਏ.ਵੀ. ਸਕੂਲ, ਸਰਕਾਰੀ ਕੰਨਿਆ ਸਕੂਲ ਜਲਾਲਾਬਾਦ, ਸਰਕਾਰੀ ਕਾਲਜ ਲੜਕੀਆਂ ਜਲਾਲਾਬਾਦ, ਸਰਕਾਰੀ ਸਕੂਲ ਪਿੰਡ ਕਰਨੀ ਖੇੜਾ, ਐਸ.ਡੀ. ਸਕੂਲ ਲੜਕੀਆਂ, ਸਰਕਾਰੀ ਸਕੂਲ ਲਾਧੂਕਾ, ਸਰਕਾਰੀ ਸਕੂਲ ਲਮੋਚੜ ਕਲਾਂ, ਘੁਬਾਇਆ, ਕੀੜਿਆਂ ਵਾਲੀ ਵਿਖੇ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਔਰਤਾਂ ਦੇ ਹੱਕਾਂ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਜੇਕਰ ਆਲੇ ਦੁਆਲੇ ਕਿਸੇ ਵੀ ਔਰਤ ਨਾਲ ਇਸ ਤਰ੍ਹਾਂ ਦੀ ਹਿੰਸਾ ਹੁੰਦੀ ਹੈ ਤਾਂ ਉਹ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਹੈਲਪਲਾਈਨ ਨਬੰਰ 112 ਤੇ 1091 ਬਾਰੇ ਵੀ ਜਾਣਕਾਰੀ ਦਿੱਤੀ ਤਾਂ ਜ਼ੋ ਐਮਰਜੰਸੀ ਪੈਣ ਤੇ ਇਨ੍ਹਾਂ ਨੰਬਰਾਂ ਨਾਲ ਸੰਪਰਕ ਕੀਤਾ ਜਾ ਸਕੇ।