ਸ਼ਹੀਦ ਭਗਤ ਸਿੰਘ ਦੀ ਵਿਗਿਆਨਕ ਵਿਚਾਰਧਾਰਾ ਕਿਰਤੀ ਲੋਕਾਂ ਦੀ ਮੁਕਤੀ ਦਾ ਮਾਰਗ : ਡਾ. ਰਜਿੰਦਰ ਪਾਲ

ਮਹਿਲਕਲਾਂ : ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਰਗਰਮ ਸਹਿਯੋਗ ਨਾਲ ਕੁਰੜ ਵਿਖੇ ਸ਼ਹੀਦ ਭਗਤ ਸਿੰਘ ਦੀ ਵਿਗਿਆਨਕ ਵਿਚਾਰਧਾਰਾ ਦਾ ਸੁਨੇਹਾ ਦੇਣ ਲਈ ਇਨਕਲਾਬੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ, ਪੰਜਾਬ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ. ਰਜਿੰਦਰ ਪਾਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ, ਮਜ਼ਦੂਰਾਂ, ਕਿਸਾਨਾਂ ਅਤੇ ਇਨਕਲਾਬੀ ਦਾਨਸ਼ਵਰਾਂ ਨੂੰ ਮੈਦਾਨ ਵਿੱਚ ਨਿੱਤਰਣ ਅਤੇ ਸਾਡੇ ਨਾਲ ਮਿਲ ਕੇ ਆਜ਼ਾਦੀ ਸੰਗਰਾਮ ਚਲਾਉਣ ਲਈ ਸੱਦਾ ਦਿੰਦੇ ਹਾਂ ਕਿ ਆਓ ਇੱਕ ਨਵੇਂ ਸਮਾਜ ਦੀ ਸਿਰਜਣਾ ਕਰੀਏ, ਜਿਸ ਵਿੱਚ ਸਮਾਜਿਕ ਤੇ ਆਰਥਿਕ ਅਨਿਆਂ ਅਸੰਭਵ ਹੋਵੇ। ਉਨ੍ਹਾਂ ਯੋਧਿਆਂ ਦੀ ਯਾਦ, ਜਿਨ੍ਹਾਂ ਨੇ ਖਿੜੇ ਮੱਥੇ ਮੌਤ ਨੂੰ ਕਬੂਲਿਆ ਤਾਂ ਕਿ ਅਸੀਂ ਉਨ੍ਹਾਂ ਦੇ ਵਾਰਸ ਚੰਗੇਰਾ ਜੀਵਨ ਬਿਤਾ ਸਕੀਏ। ਜਿਨ੍ਹਾਂ ਨੇ ਅਣਥੱਕ ਘਾਲਣਾ ਕੀਤੀ ਅਤੇ ਭੁੱਖ ਨੰਗ ਨਾਲ ਲਤਾੜੀ ਭਾਰਤੀ ਜਨਤਾ ਲਈ ਕੁਰਬਾਨ ਹੋਏ। ਨੌਜਵਾਨ ਆਗੂ ਜਗਮੀਤ ਬੱਲਮਗੜ੍ਹ ਨੇ ਕਿਹਾ ਕਿ ਭਗਤ ਸਿੰਘ ਨੇ ਕਿਹਾ ਸੀ ਕਿ ਇਨਕਲਾਬ ਤੋਂ ਸਾਡਾ ਕੀ ਭਾਵ ਹੈ, ਸਪੱਸ਼ਟ ਹੈ। ਇਸ ਸਦੀ ਵਿੱਚ ਇਸਦੇ ਸਿਰਫ਼ ਇੱਕ ਹੀ ਮਤਲਬ ਹੋ ਸਕਦੇ ਹਨ : ਜਨਤਾ ਲਈ, ਜਨਤਾ ਦਾ ਰਾਜਨੀਤਕ ਤਾਕਤ ਤੇ ਕਬਜ਼ਾ। ਅਸਲ ਵਿੱਚ ਇਹ ਹੈ ‘ਇਨਕਲਾਬ'। ਬਾਕੀ ਸਭ ਬਗ਼ਾਵਤਾਂ ਤਾਂ ਸਿਰਫ ਮਾਲਕਾਂ ਦੀ ਤਬਦੀਲੀ ਕਰਕੇ ਪੂੰਜੀਵਾਦੀ ਸੜਿਆਂਦ ਨੂੰ ਹੀ ਅੱਗੇ ਤੋਰਦੀਆਂ ਹਨ। ਕਿਸੇ ਵੀ ਹੱਦ ਤੱਕ ਲੋਕਾਂ ਨਾਲ ਜਾਂ ਉਨ੍ਹਾਂ ਦੇ ਉਦੇਸ਼ ਲਈ ਦਿਖਾਈ ਹਮਦਰਦੀ, ਜਨਤਾ ਤੋਂ ਅਸਲੀਅਤ ਨੂੰ ਛੁਪਾ ਨਹੀਂ ਸਕਦੀ , ਉਹ ਛਲਾਵੇ ਨੂੰ ਪਛਾਣਦੇ ਹਨ। ਬੀਕੇਯੂ ਏਕਤਾ ਡਕੌਂਦਾ ਦੇ ਜਿਲ੍ਹਾ ਮੀਤ ਪ੍ਰਧਾਨ ਗੁਰਦੇਵ ਸਿੰਘ ਮਾਂਗੇਵਾਲ ਨੇ ਕਿਹਾ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਕਿਸਾਨਾਂ-ਮਜਦੂਰਾਂ-ਨੌਜਵਾਨਾਂ-ਔਰਤਾਂ ਦੀ ਮੁਕਤੀ ਲਈ ਰਾਹ ਦਰਸਾਵਾ ਹੈ। ਜਿਸ ਨੂੰ ਸਮਝਣਾ ਸਾਡੀ ਸਭਨਾਂ ਦੀ ਲੋੜ ਹੈ। "ਇਨਕਲਾਬ-ਜਿੰਦਾਬਾਦ, ਸਾਮਰਾਜਬਾਦ-ਮੁਰਦਾਬਾਦ ,ਸ਼ਹੀਦ ਭਗਤ ਸਿੰਘ-ਅਮਰ ਰਹੇ" ਅਕਾਸ਼ ਗੁੰਜਾਊ ਨਾਹਰੇ ਗੂੰਜਦੇ ਰਹੇ। ਕਿਸਾਨ ਆਗੂ ਭਾਗ ਸਿੰਘ ਕੁਰੜ ਨੇ ਇਸ ਇਨਕਲਾਬੀ ਕਾਨਫਰੰਸ/ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਲਖਵਿੰਦਰ ਲੱਖਾ ਠੀਕਰੀਵਾਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਸਮੇਂ ਸੁਖਵਿੰਦਰ ਸਿੰਘ, ਖੁਸ਼ਮੰਦਰਪਾਲ, ਅਮਰਜੀਤ ਸਿੰਘ, ਬਾਬੂ ਸਿੰਘ ਖੁੱਡੀਕਲਾਂ, ਮਹਿਲਖੁਰਦ, ਜਸਵਿੰਦਰ ਜੱਗੀ ਕੁਰੜ, ਮਜੀਦ ਕੁਰੜ,ਜਸਵੰਤ ਸੋਹੀ ਛਾਪਾ, ਜੱਗਾ ਛਾਪਾ, ਰਜਿੰਦਰ ਸਿੰਘ ਖਿਆਲੀ, ਹਰਪਾਲ ਪਾਲਾ ਹਰਦਾਸਪੁਰਾ, ਅਵਤਾਰ ਸਿੰਘ ਤਾਰੀ ਹਰਦਾਸਪੁਰਾ, ਤਰਸੇਮ ਸਿੰਘ ਛਾਪਾ, ਬਲਵੀਰ ਸਿੰਘ ਕੁਰੜ, ਲਖਵਿੰਦਰ ਲੱਖਾ, ਮਨਦੀਪ ਕੁਰੜ, ਬੇਟੀ ਤਮੰਨਾ ਆਦਿ ਤੋਂ ਇਲਾਵਾ ਬਹੁਤ ਸਾਰੇ ਆਗੂਆਂ ਨੇ ਇਨਕਲਾਬੀ ਕਾਨਫਰੰਸ ਸਮੇਂ ਵਿਚਾਰ ਪੇਸ਼ ਕੀਤੇ। ਇਸ ਕਾਨਫਰੰਸ ਵਿੱਚ ਨੌਜਵਾਨ ਅਤੇ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ। 28 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸ਼ਹੀਦ ਭਗਤ ਸਿੰਘ ਦਾ 116ਵਾਂ ਟੋਲ ਪਲਾਜ਼ਾ ਚੀਮਾ ਵਿਖੇ ਮਨਾਏ ਜਾ ਰਹੇ ਜਨਮ ਦਿਨ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।