ਫਾਜ਼ਿਲਕਾ, 02 ਅਗਸਤ : ਫਾਜ਼ਿਲਕਾ ਦੇ ਰਾਧਾ ਸੁਆਮੀ ਕਾਲੋਨੀ ਵਿੱਚ ਇੱਕ ਮਕਾਨ ਦੀ ਛੱਤ ਡਿੱਗ ਗਈ। ਇਸ ਦੌਰਾਨ ਅੰਦਰ ਸੁੱਤੇ ਪਏ ਪਰਿਵਾਰ ਦੇ 3 ਜੀਅ ਮਲਬੇ ਹੇਠ ਦੱਬ ਕੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।,ਜਿੱਥੋਂ ਇਕ ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸ਼੍ਰੀਗੰਗਾਨਗਰ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 6:30 ਵਜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਘਰ ਦੇ ਅੰਦਰ ਪਰਿਵਾਰ ਦੇ 3 ਜੀਅ ਸੁੱਤੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਅਚਾਨਕ ਉੱਚੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਘਰ ਤੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਸਾਗਰ ਕੁਮਾਰ ਦੇ ਘਰ ਦੀ ਛੱਤ ਡਿੱਗੀ ਹੋਈ ਸੀ। ਸਾਗਰ ਕੁਮਾਰ, ਉਸ ਦੀ ਪਤਨੀ ਸਕੀਨਾ ਅਤੇ ਛੋਟੀ ਬੱਚੀ ਮਲਬੇ ਹੇਠ ਦੱਬ ਗਏ। ਉਨ੍ਹਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁਢਲੀ ਸਹਾਇਤਾ ਤੋਂ ਬਾਅਦ ਬੱਚੀ ਨੂੰ ਸ਼੍ਰੀਗੰਗਾਨਗਰ ਰੈਫਰ ਕਰ ਦਿੱਤਾ। ਜਦਕਿ ਸਾਗਰ ਅਤੇ ਸਕੀਨਾ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਜ਼ੇਰੇ ਇਲਾਜ ਹਨ। ਦੂਜੇ ਪਾਸੇ ਵਾਰਡ ਦੇ ਐਮਸੀ ਨੇ ਵੀ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।