- ਲੋਕਾਂ ਨੂੰ ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ
ਫ਼ਤਹਿਗੜ੍ਹ ਸਾਹਿਬ, 03 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਵਿੱਚੋਂ ਲੰਘਦੇ ਚੋਆਂ ਤੇ ਨਹਿਰਾਂ ਉੱਤੇ ਹਮੇਸ਼ਾਂ ਹੀ ਨਜ਼ਰ ਰੱਖੀ ਜਾਂਦੀ ਹੈ। ਉਹਨਾਂ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਏ ਜਾਇਜ਼ੇ ਮੁਤਾਬਕ ਪਿੰਡ ਚਰਨਾਰਥਲ ਕਲਾਂ ਨੇੜੇ ਲੰਘਦੀ ਭਾਖੜਾ ਮੇਨ ਲਾਈਨ ਦੀ ਪੱਟੜੀ ਦੇ ਸੰਭਾਵੀ ਨੁਕਸਾਨ ਰੋਕਣ ਦੇ ਮੱਦੇਨਜ਼ਰ ਪੱਟੜੀ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਲੰਘਦੀ ਭਾਖੜਾ ਮੇਨ ਲਾਈਨ ਬਿਲਕੁਲ ਸੁਰੱਖਿਅਤ ਹੈ। ਜ਼ਿਲ੍ਹਾ ਵਾਸੀਆਂ ਨੂੰ ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ ਹੈ। ਇਸ ਬਾਬਤ ਐੱਸ.ਡੀ.ਐਮ. ਫਤਹਿਗੜ੍ਹ ਸਾਹਿਬ ਸ. ਹਰਪ੍ਰੀਤ ਸਿੰਘ ਅਟਵਾਲ ਨੇ ਕਿਹਾ ਕਿ ਉਹਨਾਂ ਨੇ ਖੁਦ ਮੌਕੇ ਦਾ ਜਾਇਜ਼ਾ ਲਿਆ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਦੱਸਿਆ ਕਿ ਜਿੱਥੇ ਕਿਤੇ ਵੀ ਨਹਿਰਾਂ ਜਾਂ ਚੋਆਂ ਬਾਬਤ ਕੋਈ ਦਿੱਕਤ ਆਉਂਦੀ ਹੈ ਉੱਥੇ ਫੌਰੀ ਲੋੜੀਂਦੀ ਕਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਉਹਨਾਂ ਕਿਹਾ ਕਿ ਜਿੱਥੇ ਕਿਤੇ ਕੋਈ ਦਿੱਕਤ ਆਵੇਗੀ, ਉਸ ਬਾਬਤ ਵੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਵਾਸੀਆਂ ਨੂੰ ਕਿਸੇ ਗੱਲੋਂ ਵੀ ਘਬਰਾਉਣ ਦੀ ਲੋੜ ਨਹੀਂ ਹੈ। ਇਸ ਬਾਰੇ ਹੋਰ ਗੱਲਬਾਤ ਕਰਦਿਆਂ ਐਕਸੀਨ, ਭਾਖੜਾ ਮੇਨ ਲਾਈਨ, ਪਟਿਆਲਾ, ਸ. ਸੰਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਪਿੰਡ ਚਰਨਾਰਥਲ ਕਲਾਂ ਨਜ਼ਦੀਕ ਨਹਿਰ ਵਿਚ ਇਕ ਵੱਡੀ ਝਾਲ ਬਣੀ ਹੋਣ ਕਾਰਨ ਝਾਲ ਦੇ ਹੇਠਲੇ ਪਾਸੇ ਵੱਲ ਜਾਂਦੇ ਪਾਣੀ ਦਾ ਵਹਿਣ ਕਾਫੀ ਤੇਜ਼ ਰਹਿੰਦਾ ਹੈ, ਜਿਸ ਕਾਰਨ ਨਹਿਰ ਦੀ ਲਾਈਨਿੰਗ ਥੋੜੀ ਬਹੁਤ ਡੇਮੈਜ ਹੁੰਦੀ ਰਹਿੰਦੀ ਹੈ। ਪਰ ਸੰਭਾਵੀ ਨੁਕਸਾਨ ਨੂੰ ਰੋਕਣ ਦੇ ਮੱਦੇਨਜ਼ਰ ਲੋੜੀਂਦੀ ਪ੍ਰਕਿਰਿਆ ਤਹਿਤ ਮੁਰੰਮਤ ਕੀਤੀ ਜਾ ਰਹੀ ਹੈ। ਭਾਖੜਾ ਮੇਨ ਲਾਈਨ ਨਹਿਰ ਦੀ ਫੀਲਡ ਸਟਾਫ ਵੱਲੋਂ ਹੈੱਡ ਤੋਂ ਟੇਲ ਤੱਕ ਨਿਰੰਤਰ ਦਿਨ ਰਾਤ ਵਾਚਿੰਗ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਪ੍ਰਕਾਰ ਦੀ ਅਣਸੁਖਾਵੀ ਘਟਨਾ ਨਾ ਵਾਪਰੇ ਅਤੇ ਆਮ ਜਨਤਾ ਵਿਚ ਡਰ ਦਾ ਮਹੌਲ ਨਾ ਬਣੇ। ਨਹਿਰ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ।