ਜਗਰਾਓਂ, 07 ਜੁਲਾਈ : ਜਗਰਾਉਂ ਵਿੱਚ ਚੱਲ ਰਹੇ ਆਈਲੈਟਸ ਸੈਂਟਰਾਂ ਦੀ ਅੱਜ ਐਸਡੀਐਮ ਮਨਜੀਤ ਕੌਰ ਦੀ ਅਗਵਾਈ ਹੇਠ ਸਿਵਲ ਪ੍ਰਸ਼ਾਸਨ ਦੇ ਤਹਿਸੀਲਦਾਰ ਮਨਮੋਹਨ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਦੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਦੀਆਂ ਸੰਯੁਕਤ ਟੀਮਾਂ ਦੀ ਹਾਜ਼ਰੀ ਵਿੱਚ ਚੈਕਿੰਗ ਕੀਤੀ ਗਈ। ਸ਼ਹਿਰ ਵਿਚ ਥਾਂ-ਥਾਂ ਖੁੱਲ੍ਹੇ ਆਈਲੈਟਸ ਸੈਂਟਰਾਂ 'ਤੇ ਦਸਤਕ ਦਿੰਦਿਆਂ ਨਿਯਮਾ ਦੀਆਂ ਧੱਜੀਆਂ ਉਡਾਉਣ ਵਾਲੇ 5 ਆਈਲੈਟਸ ਸੈਂਟਰਾਂ ਨੂੰ ਸੀਲ ਕੀਤਾ। ਜਾਣਕਾਰੀ ਦਿੰਦਿਆਂ ਐਸ.ਡੀ.ਐਮ ਮਨਜੀਤ ਕੌਰ ਨੇ ਦੱਸਿਆ ਕਿ ਅੱਜ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸਾਂਝੀ ਟੀਮ ਵੱਲੋਂ ਆਈਲੈਟਸ ਸੈਂਟਰ ਤੇ ਛਾਪੇਮਾਰੀ ਕਰ ਆਈਲੈਟਸ ਸੈਂਟਰ ਦੇ ਦਸਤਾਵੇਜਾਂ ਦੀ ਜਾਂਚ ਕੀਤੀ ਗਈ ਹੈ ਅਤੇ ਅੱਜ ਦੀ ਜਾਂਚ ਦੌਰਾਨ 5 ਆਈਲੈਟਸ ਸੈਂਟਰਾਂ ਚ ਅੱਗ ਬੁਝਾਊ ਯੰਤਰ, ਸੈਂਟਰ ਦਾ ਪ੍ਰਮਾਣ ਪੱਤਰ, ਸੈਂਟਰ ਦੀ ਜਗ੍ਹਾ ਤੰਗ ਹੋਣਾ ਅਤੇ ਕਿਸੇ ਅਣਸੁਖਾਵੀਂ ਘਟਨਾ ਸਮੇਂ ਬਾਹਰ ਨਿਕਲਣ ਦੇ ਐਮਰਜੈਂਸੀ ਰਸਤੇ ਨਾ ਹੋਣਾ ਪਾਇਆ ਗਿਆ ਹੈ, ਜਿਸ ਦੇ ਅਧਾਰ ਤੇ ਸਰਕਾਰ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ 5 ਆਈਲੈਟਸ ਸੈਂਟਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ 2 ਸੈਂਟਰਾਂ ਵਿੱਚ ਕੁਝ ਪ੍ਰਬੰਧ ਹੋਣ ਕਰਕੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਮੋਹਲਤ ਦਿੱਤੀ ਗਈ।