ਦੋਰਾਹਾ (ਲੁਧਿਆਣਾ), 17 ਜਨਵਰੀ : ਆਮ ਲੋਕਾਂ ਲਈ ਜਾਨਲੇਵਾ ਅਤੇ ਬੇਹੱਦ ਘਾਤਕ ਸਿੱਧ ਹੋ ਰਹੀ ਚਾਇਨਾ ਡੋਰ ਤੋਂ ਬਚਾਅ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਵਲੋਂ ਪਾਇਲ, ਮਲੌਦ ਅਤੇ ਦੋਰਾਹਾ ਦੇ ਬਾਜਾਰਾਂ ਵਿੱਚ ਪਤੰਗਾਂ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਪਾਇਲ ਸ. ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਾਇਨਾ ਡੋਰ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਸੰਯੁਕਤ ਟੀਮਾਂ ਵਲੋਂ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਜਿਸ ਵਿੱਚ ਐਸ.ਐਚ.ਓ. ਮਲੌਦ, ਈ.ਓ. ਮਲੌਦ ਦਾ ਸਟਾਫ ਸ਼ਾਮਲ ਸੀ, ਵਲੋਂ ਦੋਰਾਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਾਇਬ ਤਹਿਸੀਲਦਾਰ ਪਾਇਲ, ਐਸ.ਐਚ.ਓ. ਪਾਇਲ, ਈ.ਓ. ਸਟਾਫ, ਪਾਇਲ ਵਲੋਂ ਪਾਇਲ ਦੇ ਬਾਜ਼ਾਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਤਹਿਸੀਲਦਾਰ ਮਲੌਦ, ਐਸ.ਐਚ.ਓ. ਮਲੌਦ ਅਤੇ ਈ.ਓ. ਸਟਾਫ ਵਲੋਂ ਵੀ ਮਲੌਦ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪਤੰਗਾਂ ਵਾਲੀਆਂ ਦੁਕਾਨਾਂ ਦਾ ਨੀਰੀਖਣ ਕੀਤਾ ਗਿਆ ਜਿੱਥੇ ਚਾਈਨਾ ਡੋਰ ਦੀ ਕੋਈ ਬ੍ਰਾਮਦਗੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਵਲੋਂ ਕਰਵਾਈ ਗਈ ਚੈਂਕਿੰਗ ਦੌਰਾਨ ਦੋਸ਼ੀਆਂ 'ਤੇ ਮਾਮਲੇ ਦਰਜ਼ ਕੀਤੇ ਗਏ ਸਨ ਜਿਸ ਨਾਲ ਜਿੱਥੇ ਸਮਾਜ ਵਿਰੋਧੀ ਅਨਸਰਾਂ 'ਚ ਭੈਅ ਦਾ ਮਾਹੌਲ ਬਣਿਆ ਹੋਇਆ ਉੱਥੇ ਆਮ ਲੋਕਾਂ ਵਿੱਚ ਵੀ ਜਾਗਰੂਕਤਾ ਆ ਰਹੀ ਹੈ ਅਤੇ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਤਹਿਸੀਲਦਾਰ ਪਾਇਲ ਸ. ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਸਪੱਸ਼ਟ ਤੌਰ 'ਤੇ ਪਤੰਗਬਾਜ਼ੀ ਲਈ ਇਸ ਖਤਰਨਾਕ ਡੋਰ ਦੀ ਵਿਕਰੀ ਰਾਹੀਂ ਮਨੁੱਖੀ ਜਾਨਾਂ ਨੂੰ ਖਤਰੇ ਵਿੱਚ ਪਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਚਾਇਨਾ ਡੋਰ ਵੇਚਣ ਦੇ ਇਸ ਗੈਰ-ਕਾਨੂੰਨੀ ਕੰਮ ਵਿੱਚ ਸ਼ਾਮਲ ਲੋਕਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।