ਰਾਹੁਲ ਗਾਂਧੀ ਦੀ ਭਾਰਤ ਜੋੜੋ ਪੈਦਲ ਯਾਤਰਾ ਦੱਸਦੀ ਹੈ, ਭਾਰਤ ਦਾ ਨੇਤਾ ਕੌਣ ਹੈ, ਉਹਨਾਂ ਨੂੰ ਕਿਸੇ ਤੋਂ ਪ੍ਰਮਾਣ ਪੱਤਰ ਦੀ ਜਰੂਰਤ ਨਹੀਂ : ਬਾਵਾ

  • ਮਹਾਤਮਾ ਗਾਂਧੀ ਨੇ ਚੋਣਾਂ ਨਹੀਂ ਲੜੀਆਂ ਪਰ ਉਨ੍ਹਾਂ ਦੇ ਬੁੱਤ 80 ਦੇਸ਼ਾਂ ਵਿਚ ਲੱਗੇ ਹੋਏ ਹਨ
  • ਜਿਹੜਾ ਆਮ ਲੋਕਾਂ ਨਾਲ ਖੜੇ ਅਤੇ ਉਹਨਾਂ ਦੇ ਹੱਕਾਂ ਲਈ ਲੜੇ, ਕਹਿਣੀ ਕਰਨੀ ਦਾ ਪੂਰਾ ਹੋਵੇ ਉਹ ਨੇਤਾ ਹੁੰਦਾ ਹੈ- ਬਾਵਾ

ਲੁਧਿਆਣਾ, 1 ਅਪ੍ਰੈਲ 2025 : ਰਾਹੁਲ ਗਾਂਧੀ ਦੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਭਾਰਤ ਜੋੜੋ ਯਾਤਰਾ ਦੱਸਦੀ ਹੈ ਕਿ ਭਾਰਤ ਦਾ ਮਜਬੂਤ ਨੇਤਾ ਕੌਣ ਹੈ ਜਿਸ ਨਾਲ ਹੱਥ ਮਿਲਾਉਣ ਨੂੰ ਨੇਤਾ ਤਰਸਦੇ ਹਨ। ਉਹਨਾਂ ਨੂੰ ਕਿਸੇ ਤੋਂ ਪ੍ਰਮਾਣ ਪੱਤਰ ਲੈਣ ਦੀ ਜਰੂਰਤ ਨਹੀਂ ਭਗਵੰਤ ਮਾਨ ਜੀ। ਇਹ ਸ਼ਬਦ ਅੱਜ ਇੱਕ ਲਿਖਤੀ ਬਿਆਨ ਰਾਹੀਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕਹੇ। ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਭਾਰਤ ਦੇ ਯੁਵਾ ਨੇਤਾ ਹਨ। ਉਨ੍ਹਾਂ ਦੀ ਸੋਚ ਵਿੱਚ ਸੱਚਾਈ, ਸਪਸ਼ਟਤਾ ਅਤੇ ਸਾਦਗੀ ਝਲਕਦੀ ਹੈ। ਉਹਨਾਂ ਨੇ ਭਾਰਤ ਦੇ ਬਹੁਰੰਗੇ ਗੁਲਦਸਤੇ ਦੀ ਖੁਸ਼ਬੂ ਲੈਣ ਲਈ, ਭਾਰਤ ਦੇ ਲੋਕਾਂ ਨੂੰ ਨੇੜੇ ਤੋਂ ਸਮਝਣ ਲਈ, ਮਿਲਣ ਲਈ, ਦੁੱਖ ਦਰਦ ਪਛਾਨਣ ਲਈ 3700 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਕਰਕੇ ਇਤਿਹਾਸ ਰਚਿਆ ਹੈ। ਉਹ ਵੀ ਜਿਪਸੀ 'ਤੇ ਖੜ ਕੇ ਤੇ ਹੱਥ ਹਿਲਾ ਸਕਦੇ ਸੀ। ਉਨ੍ਹਾਂ ਕਿਹਾ ਕਿ ਨੇਤਾ ਉਹ ਹੁੰਦਾ ਹੈ ਜੋ ਕਹਿਣੀ ਕਰਨੀ ਦਾ ਪੂਰਾ ਹੋਵੇ। ਲੋਕਾਂ ਦੇ ਦੁੱਖ ਸੁੱਖ ਦਾ ਸਾਥੀ ਹੋਵੇ। ਯਾਤਰਾ ਦੌਰਾਨ ਭਾਰਤ ਦੇ ਕਰੋੜਾਂ ਲੋਕਾਂ ਦਾ ਪਿਆਰ, ਸਤਿਕਾਰ ਅਤੇ ਆਸ਼ੀਰਵਾਦ ਉਸ ਦੀ ਝੋਲੀ ਪਿਆ ਹੈ। ਜੇਕਰ ਕਿਸੇ ਨੇਤਾ ਵਿੱਚ ਦਮ ਹੈ ਤਾਂ 3700 ਕਿਲੋਮੀਟਰ ਪੈਦਲ ਯਾਤਰਾ ਕਰਕੇ ਦਿਖਾਏ। ਕਦੇ ਉਸਦੀ ਸ਼ਰਟ 'ਤੇ ਤੰਜ ਕਸੇ ਜਾਂਦੇ ਹਨ ਅਤੇ ਕਦੇ ਭੈਣ ਭਰਾ ਦੇ ਅਤੁੱਟ ਰਿਸ਼ਤੇ ਨੂੰ ਕਲੰਕਿਤ ਕੀਤਾ ਜਾਂਦਾ ਹੈ। ਆਓ ਮੈਦਾਨ ਵਿੱਚ ਈ.ਵੀ.ਐਮ ਛੱਡ ਕੇ ਚੋਣਾਂ ਕਰਵਾਓ ਪਤਾ ਲੱਗ ਜਾਵੇਗਾ ਭਾਰਤ ਦਾ ਨੇਤਾ ਕੌਣ ਹੈ। ਉਨ੍ਹਾਂ ਕਿਹਾ ‌ਕਿ ਦੇਸ਼ ਨੂੰ ਅਜਾਦੀ ਦਿਵਾਉਣ ਵਾਲੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਚੋਣਾਂ ਨਹੀਂ ਲੜੀਆਂ ਸਨ ਪਰ ਉਨ੍ਹਾਂ ਦੇ ਬੁੱਤ 80 ਦੇਸ਼ਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਨੇਤਾ ਦਾ ਕੰਮ ਚੁਟਕਲੇ, ਦੂਸਰੇ ਨੇਤਾਵਾਂ ਨੂੰ ਮਜਾਕ ਕਰਨਾ ਨਹੀਂ ਹੁੰਦਾ। ਉਹ ਕਹਿਣੀ ਅਤੇ ਕਰਨੀ ਦਾ ਪੂਰਾ ਹੋਵੇ। ਮੂੰਹ ਵਿੱਚੋਂ ਨਿਕਲੇ ਸ਼ਬਦ ਅਸਰ ਕਰਨ। ਦੋਸ਼ ਲਗਾਉਣ ਵਾਲੇ ਨੇਤਾ ਆਪਣੇ ਅੰਦਰ ਝਾਤੀ ਮਾਰਨ ਕਿ ਉਹ ਕਿੱਥੇ ਖੜੇ ਹਨ..??