- ਗਾਂਧੀ ਪਰਿਵਾਰ ਨੇ ਹਮੇਸ਼ਾ ਪੰਜਾਬੀਆਂ ਦਾ ਸਿਆਸੀ ਤੇ ਆਰਥਿਕ ਤੌਰ ’ਤੇ ਨੁਕਸਾਨ ਕੀਤਾ : ਮਹੇਸ਼ਇੰਦਰ ਸਿੰਘ ਗਰੇਵਾਲ
- ਜ਼ੋਰ ਦੇ ਕੇ ਕਿਹਾ ਕਿ ਰਾਹੁਲ ਗਾਂਧੀ ਨੇ ਹਮੇਸ਼ਾ ਪੰਜਾਬੀਆਂ ਨਾਲ ਰਾਜਨੀਤੀ ਖੇਡੀ ਤੇ ਹੁਣ ਵੀ ਭਾਰਤ ਜੋੜੋ ਯਾਤਰਾ ਨਾਲ ਇਹੋ ਕਰ ਰਿਹੈ
ਲੁਧਿਆਣਾ, 10 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਹੁਲ ਗਾਂਧੀ ਨੂੰ ਆਖਿਆ ਕਿ ਪੰਜਾਬੀਆਂ ਨੂੰ ਉਹ ਸਾਕਾ ਨੀਲਾ ਤਾਰਾ ਅਤੇ 1984 ਦੇ ਸਿੱਖ ਕਤਲੇਆਮ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਅਤੇ ਦੱਸਣ ਕਿ ਕੀ ਉਹਨਾਂ ਦੀ ਪਾਰਟੀ ਨੇ ਸਿੱਖ ਕੌਮ ਦੇ ਕਤਲੇਆਮ ਵਿਚ ਸ਼ਾਮਲ ਕਾਂਗਰਸੀਆਂ ਖਿਲਾਫ ਕੋਈ ਕਾਰਵਾਈ ਕੀਤੀ ਹੈ ? ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਦੇ ਪਰਿਵਾਰ ਨੇ ਪੰਜਾਬ ਦਾ ਸਿਆਸੀ ਅਤੇ ਆਰਥਿਕ ਨੁਕਸਾਨ ਕਿਉਂ ਕੀਤਾ। ਉਹਨਾਂ ਕਿਹਾ ਕਿ ਰਾਹੁਲ ਦੀ ਦਾਦੀ ਇੰਦਰਾ ਗਾਂਧੀ ਨੇ ਪੰਜਾਬੀ ਬੋਲਦੇ ਇਲਾਕੇ ਬਾਹਰ ਛੱਡ ਕੇ ਪੰਜਾਬੀ ਸੂਬਾ ਛੋਟਾ ਕਰ ਦਿੱਤਾ ਅਤੇ ਇਸਨੂੰ ਇਸਦਾ ਰਾਜਧਾਨੀ ਸ਼ਹਿਰ ਚੰਡੀਗੜ੍ਹ ਦੇਣ ਤੋਂ ਨਾਂਹ ਕਰ ਦਿੱਤੀ। ਸ. ਗਰੇਵਾਲ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਕੀ ਉਹ ਸਾਕਾ ਨੀਲਾ ਤਾਰਾ ਨੂੰ ਜਾਇਜ਼ ਠਹਿਰਾਉਂਦੇ ਹਨ ਜਾਂ ਇਸਦੀ ਨਿਖੇਧੀ ਕਰਦੇ ਹਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਪਰਿਵਾਰ ਦੀ ਘਿਨੌਣੀ ਹਰਕਤ ਦੀ ਨਿਖੇਧੀ ਕਰਨੀ ਚਾਹੀਦੀਹੈ ਤੇ ਇਸਦੀ ਗਲਤੀ ਮੰਨ ਕੇ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਿਰਮਾ ਵਿਚ ਹਜ਼ਾਰਾਂ ਲੋਕ ਸ਼ਹੀਦ ਹੋਏ ਸਨ ਅਤੇ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਸਿੱਖ ਕਤਲੇਆਮ ਦੌਰਾਨ ਹਜ਼ਾਰਾਂ ਸਿੱਖ ਸ਼ਹੀਦ ਹੋਏ ਸਨ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਜਸਟਿਸ ਸਿਕਰੀ ਅਤੇ ਜਸਟਿਸ ਤਾਰਕੁੰਡੇ ਕਮਿਸ਼ਨ ਸਮੇਤ ਅਨੇਕਾਂ ਕਮਿਸ਼ਨ ਬਿਠਾਏ ਗਏ ਪਰ ਜਿਹੜੇ ਕਾਂਗਰਸੀ ਆਗੂਆਂ ਨੇ ਸਿੱਖਾਂ ਦੇ ਕਤਲ ਕਰਨ ਵਾਲੀਆਂ ਭੀੜਾਂ ਦੀ ਅਗਵਾਈ ਕੀਤੀ ਸੀ ਉਹਨਾਂ ਖਿਲਾਫ ਕੋਈ ਕਾਰਵਾਈ ਹੋਣ ਦੀ ਥਾਂ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਿਵਾਜਿਆ ਗਿਆ। ਸ. ਗਰੇਵਾਲ ਨੇ ਇਹ ਵੀ ਦੱਸਿਆ ਕਿ 1955 ਵਿਚ ਗੁਲਜ਼ਾਰੀ ਲਾਲ ਨੰਦਾ ਨੂੰ ਪੰਜਾਬ ਦਾ 5.7 ਐਮ ਏ ਐਫ ਪਾਣੀ ਰਾਜਸਥਾਨ ਨੂੰ ਦੇਣ ਲਈ ਇੰਦਰਾ ਗਾਂਧੀ ਨੇ ਰਾਜ਼ੀ ਕੀਤਾ। ਉਹਨਾਂ ਕਿਹਾ ਕਿ ਸਤਲੁਜ ਯਮੁਨਾ ਨਹਿਰ ਦੀ ਉਸਾਰੀ ਦੇ ਹੁਕਮ ਦੇ ਕੇ ਪੰਜਾਬ ਨਾਲ ਕੀਤੇ ਅਨਿਆਂ ਬਾਰੇ ਸਭ ਨੂੰ ਪਤਾ ਹੀ ਹੈ। ਅਕਾਲੀ ਆਗੂ ਨੇ ਰਾਹੁਲ ਗਾਂਧੀ ਨੂੰ ਇਹ ਵੀ ਕਿਹਾ ਕਿ ਉਹ ਇਹ ਵੀ ਸਪਸ਼ਟ ਕਰਨ ਕਿ ਕੇਂਦਰ ਵਿਚ ਸਮੇਂ ਦੀਆਂ ਸਰਕਾਰਾਂ ਨੇ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਨਹੀਂ ਕਿਉਂ ਨਹੀਂ ਕੀਤਾ ਜਦੋਂ ਕਿ ਇਸਦੀ ਮਨਜ਼ੂਰੀ ਸੰਸਦ ਨੇ ਵੀ ਦਿੱਤੀ। ਉਹਨਾਂ ਕਿਹਾ ਕਿ ਇਸ ਸਮਝੌਤੇ ਤਹਿਤ ਚੰਡੀਗੜ੍ਹ 26 ਜਨਵਰੀ 1986 ਨੂੰ ਪੰਜਾਬ ਨੂੰ ਦਿੱਤਾ ਜਾਣਾ ਸੀ। ਸ. ਗਰੇਵਾਲ ਨੇ ਰਾਹੁਲ ਗਾਂਧੀ ਵੱਲੋਂ ਪੰਜਾਬੀਆਂ ਦੀ ਬਦਨਾਮੀ ਕਰਨ ਵਿਚ ਉਹਨਾਂ ਦੀ ਆਪਣੀ ਭੂਮਿਕਾ ’ਤੇ ਵੀ ਸਵਾਲ ਕੀਤਾ ਅਤੇ ਆਖਿਆ ਕਿ ਉਹ ਦੱਸਣ ਕਿ ਪੰਜਾਬ ਵਿਚ ਭਾਰਤ ਜੋੜੋ ਪ੍ਰੋਗਰਾਮ ਕਰਨ ਦਾ ਮਨਸ਼ਾ ਕੀ ਹੈ। ਉਹਨਾਂ ਕਿਹਾ ਕਿ ਤੁਸੀਂ ਪੰਜਾਬੀ ਨੌਜਵਾਨਾਂ ਦੀ ਇਹ ਕਹਿ ਕੇ ਬਦਨਾਮੀ ਕੀਤੀ ਕਿ ਇਹਨਾਂ ਵਿਚੋਂ 70 ਫੀਸਦੀ ਨਸ਼ੇੜੀ ਹਨ ਤੇ ਇਸ ਤਰੀਕੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਵੇਲੇ ਸਿਆਸੀ ਲਾਹਾ ਲੈਣ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਕਦੇ ਵੀ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ ਕਸ਼ਮੀਰ ਨੂੰ ਉਦਯੋਗਿਕ ਪੈਕੇਜ ਦੇਣ ਦੇ ਖਿਲਾਫ ਕੁਝ ਨਹੀਂ ਬੋਲਿਆ ਜਦੋਂ ਕਿ ਇਸ ਕਾਰਨ ਪੰਜਾਬ ਤੋਂ ਇੰਡਸਟਰੀ ਇਹਨਾਂ ਰਾਜਾਂ ਵਿਚ ਗਈ। ਸ. ਗਰੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਰਾਹੁਲ ਨੇ ਹਮੇਸ਼ਾ ਪੰਜਾਬੀਆਂ ਨਾਲ ਰਾਜਨੀਤੀ ਕੀਤੀ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਵਿਧਾਨ ਸਭਾ ਚੋਣਾਂ ਵੇਲੇ ਉਸ ਕਿਸਾਨ ਦੇ ਘਰ ਗਏ ਸਨ ਜਿਸਨੇ ਖੁਦਕੁਸ਼ੀ ਕੀਤੀ ਸੀ ਪਰ ਉਹਨਾਂ ਨੇ ਉਹਨਾਂ ਸੈਂਕੜੇ ਕਿਸਾਨਾਂ ਨਾਲ ਕਦੇ ਹਮਦਰਦੀ ਨਹੀਂ ਪ੍ਰਗਟਾਈ ਜਿਹਨਾਂ ਨੇ ਆਰਥਿਕ ਔਕੜਾਂ ਵਿਚ ਫਸ ਕੇ ਆਪਣੀਆਂ ਜਾਨਾਂ ਦਿੱਤੀਆਂ।