ਬਠਿੰਡਾ, 11 ਸਤੰਬਰ : ਬੀਸੀਐੱਲ ਇੰਡਸਟਰੀ ਲਿਮਟਿਡ ਨੇ ਪਿੰਡ ਮਛਾਣਾ ਸਥਿਤ ਡਿਸਟਿਲਰੀ ਯੂਨਿਟ ਨਾਲ ਦੇ ਨਾਲ ਲੱਗਦੀ 2.75 ਏਕੜ ਜ਼ਮੀਨ ’ਚ ਪੰਜਾਬ ਦੀ ਸੰਸਥਾ ਈਕੋ ਸਿੱਖ ਦੇ ਸਹਿਯੋਗ ਨਾਲ ਹੁਣ ਤੱਕ ਦਾ ਪੰਜਾਬ ਦਾ ਸਭ ਤੋਂ ਵੱਡਾ ਗੁਰੂ ਨਾਨਕ ਪਵਿੱਤਰ ਜੰਗਲ ਲਾਇਆ ਹੈ। ਵਿਸ਼ੇਸ਼ ਪੱਖ ਇਹ ਹੈ ਕਿ ਜੰਗਲ ’ਚ ਵੱਖ ਵੱਖ ਤਰ੍ਹਾਂ ਦੇ 26 ਹਜ਼ਾਰ ਤੋਂ ਵੀ ਜ਼ਿਆਦਾ ਬੂਟੇ ਲਗਾਏ ਗਏ ਹਨ ਜਿਨ੍ਹਾਂ ’ਚ ਅੱਧੀ ਦਰਜ਼ਨ ਅਜਿਹੇ ਬੂਟੇ ਹਨ ਜੋ ਖਤਮ ਹੋਣ ਦੀ ਕਗਾਰ ਤੇ ਹਨ ਅਤੇ ਇਹ ਮਾਲਵੇ ਦੀ ਧਰਤੀ ’ਤੇ ਪਹਿਲੀ ਦਫ਼ਾ ਲਾਏ ਗਏ ਹਨ। ਅੱਜ ਇਸ ਗੁਰੂ ਨਾਨਕ ਪਵਿੱਤਰ ਜੰਗਲ ਦਾ ਰਸਮੀ ਉਦਘਾਟਨ ਬੀਸੀਐੱਲ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਸੁਨੀਤਾ ਮਿੱਤਲ ਵੱਲੋਂ ਕੀਤਾ ਗਿਆ। ਇਸ ਮੌਕੇ ਐੱਮ ਡੀ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਇਸ ਜੰਗਲ ’ਚ 41 ਤਰ੍ਹਾਂ ਦੇ ਵੱਖ ਵੱਖ ਰੁੱਖ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਨਾਲ ਜਿਥੇ ਵਾਤਾਵਰਣ ਨੂੰ ਹਰਾਂ ਭਰਾ ਬਣਾਉਣ ’ਚ ਬਲ ਮਿਲੇਗਾ ਉਥੇ ਹੀ ਪੰਛੀਆਂ ਆਦਿ ਨੂੰ ਰਹਿਣ ਅਤੇ ਖਾਣ ਲਈ ਵੀ ਇਕ ਕੁਦਰਤੀ ਥਾਂ ਮਿਲ ਜਾਏਗੀ। ਉਨ੍ਹਾਂ ਦੱਸਿਆ ਕਿ ਅਸੀਂ ਨੇੜਲੇ ਸਮੇਂ ’ਚ ਕੁੱਲ ਛੇ ਏਕੜ ਜ਼ਮੀਨ ’ਤੇ ਇਸ ਜੰਗਲ ਦਾ ਨਿਰਮਾਣ ਕਰਵਾ ਰਹੇ ਹਾਂ ਅਤੇ ਸਾਡਾ ਟੀਚਾ ਹੈ ਕਿ ਇਸ ਇੱਕ ਥਾਂ ’ਤੇ 60 ਹਜ਼ਾਰ ਤੋਂ ਵੀ ਜ਼ਿਆਦਾ ਵੱਡੇ ਛੋਟੇ ਵੱਖ ਵੱਖ ਕਿਸਮਾਂ ਦੇ ਰੁੱਖ ਲਗਾਏ ਜਾ ਸਕਣ। ਉਨ੍ਹਾਂ ਇਸ ਮੌਕੇ ਈਕੋ ਸਿੱਖ ਸੰਸਥਾ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਜੈਕਟ ’ਚ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਈਕੋ ਸਿੱਖ ਦੇ ਮੁਖੀ ਪਵਨੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਬੀਸੀਐੱਲ ਵੱਲੋਂ ਇਹ ਹੁਣ ਤੱਕ ਦਾ ਪੰਜਾਬ ਦਾ ਸਭ ਤੋਂ ਵੱਡਾ ਗੁਰੂ ਨਾਨਕ ਪਵਿੱਤਰ ਜੰਗਲ ਲਗਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਜੰਗਲ ’ਚ ਕੁੱਲ 26 ਹਜ਼ਾਰ ਦੇ ਕਰੀਬ 41 ਕਿਸਮਾਂ ਦੇ ਵੱਖ ਵੱਖ ਰੁੱਖ ਹਨ ਜਿਨ੍ਹਾਂ ’ਚ ਰੁਹੇੜਾ, ਖੈਰ, ਖਾਰਾ ਜਾਲ, ਮਿੱਠਾ ਜਾਲ ਤੋਂ ਇਲਾਵਾ ਅੱਧੀ ਦਰਜ਼ਨ ਦੇ ਕਰੀਬ ਅਜਿਹੀਆਂ ਦਰੱਖਤਾਂ ਦੀਆਂ ਕਿਸਮਾਂ ਹਨ ਜਿਨ੍ਹਾਂ ਨੂੰ ਬਾਰੇ ਉਮੀਦ ਹੈ ਕਿ ਇਨ੍ਹਾਂ ਨੂੰ ਆਉਂਦੇ ਸਮੇਂ ’ਚ ਬੀਜ ਬੈਂਕ ਦੇ ਤੌਰ ’ਤੇ ਵੀ ਵਰਤੋਂ ’ਚ ਲਿਆਂਦਾ ਜਾ ਸਕੇਗਾ। ਇਸ ਮੌਕੇ ਜੰਗਲ ਦੀ ਤੰਦਰੁਸ਼ਤੀ ਲਈ ਅਰਦਾਸ ਕੀਤੀ ਅਤੇ ਇਸ ਵਿਸ਼ੇਸ਼ ਸਹਿਯੋਗ ਲਈ ਮਿੱਤਲ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਬੀਸੀਐੱਲ ਇੰਡਸਟਰੀ ਅਤੇ ਈਕੋ ਸਿੱਖ ਸੰਸਥਾ ਦੇ ਹੋਰ ਅਧਿਕਾਰੀ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।