ਲੁਧਿਆਣਾ, 16 ਅਕਤੂਬਰ : ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਭਾਈ ਮਨੀ ਸਿੰਘ ਦੀ ਜ਼ਿੰਦਗੀ ਬਾਰੇ ਇਤਿਹਾਸਕ ਭੱਟ ਕਾਵਿ ਗਾਥਾ “ਸ਼ਹੀਦ ਬਿਲਾਸ” ਲੋਕ ਅਰਪਣ ਕਰਦਿਆਂ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਹੈ ਕਿ ਭੱਟ ਕਵੀ ਸੇਵਾ ਸਿੰਘ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਬਾਰੇ ਵਡਮੁੱਲਾ ਕਾਵਿ ਬਿਰਤਾਂਤ ਲਿਖ ਕੇ ਭਵਿੱਖ ਪੀੜ੍ਹੀਆਂ ਲਈ ਯਾਦਗਾਰੀ ਕਾਰਜ ਕੀਤਾ ਹੈ। ਇਸ ਮੂਲ ਕਾਵਿ ਪਾਠ ਨੂੰ ਸੰਪਾਦਿਤ ਕਰਕੇ ਗਿਆਨੀ ਗਰਜਾ ਸਿੰਘ ਜੀ ਨੇ ਜਿਵੇਂ ਇਸ ਇਤਿਹਾਸਕ ਦਸਤਾਵੇਜ਼ ਦੀ ਸਾਂਭ ਸੰਭਾਲ ਕਰਕੇ ਇਸ ਨੂੰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੂੰ 1960-61 ਵਿੱਚ ਸੌਂਪਿਆ ਉਹ ਬੇਹੱਦ ਰੋਚਕ ਕਥਾ ਹੈ। ਅਕਾਡਮੀ ਦੇ ਨਿਸ਼ਕਾਮ ਆਗੂਆਂ ਡਾਃ ਪਿਆਰ ਸਿੰਘ ਤੇ ਡਾਃ ਸ਼ੇਰ ਸਿੰਘ ਜੀ ਨੇ ਇਸ ਨੂੰ ਅਕਾਡਮੀ ਵੱਲੋਂ ਪ੍ਰਕਾਸ਼ਨ ਲਈ ਉਦੋਂ ਦੇ ਪ੍ਰਧਾਨ ਜੀ ਭਾਈ ਸਾਹਿਬ ਭਾਈ ਜੋਧ ਸਿੰਘ ਦੀ ਮਹਾਨ ਸੇਵਾ ਅੱਜ ਵੀ ਸਤਿਕਾਰਯੋਗ ਹੈ। ਇਸ ਪੁਸਤਕ ਨੂੰ ਘਰ ਘਰ ਪਹੁੰਚਾਉਣ ਲਈ ਸਾਰੀਆਂ ਧਿਰਾਂ ਨੂੰ ਹਿੰਮਤ ਕਰਨੀ ਚਾਹੀਦੀ ਹੈ। ਉਨ੍ਹਾਂ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਇਸ ਬੇਹੱਦ ਖ਼ੂਬਸੂਰਤ ਪ੍ਰਕਾਸ਼ਨ ਲਈ ਸ਼ਲਾਘਾ ਕੀਤੀ। ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਸਮੂਹ ਮੈਂਬਰ ਸਾਹਿਬਾਨ ਨੂੰ ਦੱਸਿਆ ਕਿ ਇਸ ਕਿਤਾਬ ਤੋਂ ਮਗਰੋਂ “ਜੰਗਨਾਮਾ ਸਿੰਘਾਂ ਤੇ ਫਰੰਗੀਆਂ”, ਗੁਰੂ ਨਾਨਕ ਜਹਾਜ਼(ਕਾਮਾਗਾਟਾ ਮਾਰੂ ਬਾਰੇ ਕਵਿਤਾਵਾਂ)ਸੰਪਾਦਕ ਡਾਃ ਗੁਰਦੇਵ ਸਿੰਘ ਸਿੱਧੂ, ਪੋਠੋਹਾਰੀ ਗੀਤਾਂ ਬਾਰੇ ਖੋਜ ਪੁਸਤਕ (ਲਿਪੀਅੰਤਰਕਾਰ ਰਘਬੀਰ ਸਿੰਘ ਭਰਤ) , ਪੰਜਾਬ ਦੇ ਲੱਜਪਾਲ ਪੁੱਤਰ ਤੇ ਦੋ ਕਸ਼ਮੀਰੀ ਕਵਿੱਤਰੀਆਂ ਹੱਬਾ ਖ਼ਾਤੂਨ ਤੇ ਲੱਲੇਸ਼ਵਰੀ ਦੇਵੀ ਦੀਆਂ ਕਵਿਤਾਵਾਂ ਦਾ ਨਾਜਰ ਸਿੰਘ ਬੋਪਾਰਾਏ ਵੱਲੋਂ ਕੀਤਾ ਅਨੁਵਾਦ ਵੀ ਛਾਪਿਆ ਜਾ ਰਿਹਾ ਹੈ। ਪੰਜਾਬੀ ਸਾਹਿੱਤ ਅਕਾਡਮੀ ਦੀ ਪੁਸਤਕ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਦਸੰਬਰ 1961 ਵਿੱਚ ਪਹਿਲੀ ਵਾਰ ਛਪੀ ਇਸ ਪੁਸਤਕ ਦਾ ਦੂਜਾ ਐਡੀਸ਼ਨ 2007 ਵਿੱਚ ਮੁੜ ਪ੍ਰਕਾਸ਼ਨ ਦਾ ਮਾਣ ਵੀ ਮੈਨੂੰ ਹੀ ਡਾਃ ਸੁਰਜੀਤ ਪਾਤਰ ਜੀ ਦੀ ਪ੍ਰਧਾਨਗੀ ਤੇ ਪ੍ਰੋਃ ਰਵਿੰਦਰ ਭੱਠਲ ਜੀ ਦੀ ਦੀ ਜਨਰਲ ਸਕੱਤਰੀ ਵੇਲੇ ਮੈਨੂੰ ਹੀ ਮਿਲਿਆ ਸੀ। ਹੁਣ 2023 ਵਿੱਚ ਵੀ ਇਹ ਸੇਵਾ ਮੈਨੂੰ ਹੀ ਮਿਲੀ ਹੈ। ਉਨ੍ਹਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਃ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਵੱਲੋਂ ਪੁਸਤਕ ਪ੍ਰਕਾਸ਼ਨ ਹਿਤ ਮਿਲੀ ਗਰਾਂਟ ਨਾਲ ਇਹ ਪੁਸਤਕ ਛਪ ਚੁਕੀ ਹੈ। ਇਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਰਚਨਾਵਲੀ ਵਿੱਚ ਸੱਤ ਕਿਤਾਬਾਂ ਦਾ ਸੈੱਟ ਛਾਪ ਕੇ ਪਿਛਲੇ ਦਿਨੀਂ ਲੋਕ ਅਰਪਨ ਕੀਤਾ ਜਾ ਚੁਕਾ ਹੈ। ਉਨ੍ਹਾਂ ਭਰਵੇਂ ਸਹਿਯੋਗ ਲਈ ਅਕਾਡਮੀ ਦੇ ਅਹੁਦੇਦਾਰਾਂ, ਪ੍ਰਕਾਸ਼ਨ ਕਮੇਟੀ ਮੈਂਬਰਾਨ ਤੇ ਪਰਿੰਟਵੈੱਲ ਅੰਮ੍ਰਿਤਸਰ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਪ੍ਰਕਾਸ਼ਨਾ ਨੂੰ ਬੇਹੱਦ ਸੁੰਦਰ ਛਾਪ ਕੇ ਮੈਨੂੰ ਮਾਣ ਦਿਵਾਇਆ। ਇਸ ਮੌਕੇ ਪ੍ਰੋਃ ਰਵਿੰਦਰ ਭੱਠਲ,ਡਾਃ ਭਗਵੰਤ ਸਿੰਘ, ਡਾਃ ਹਰਵਿੰਦਰ ਸਿੰਘ ਸਿਰਸਾ,ਪਰਮਜੀਤ ਸਿੰਘ ਮਾਨ,ਹਰਬੰਸ ਮਾਲਵਾ,ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਕਰਮ ਸਿੰਘ ਜ਼ਖ਼ਮੀ, ਕੇ ਸਾਧੂ ਸਿੰਘ, ਗੁਰਚਰਨ ਕੌਰ ਕੋਚਰ, ਹਰਦੀਪ ਢਿੱਲੋਂ, ਜਸਬੀਰ ਝੱਜ, ਸੁਰਿੰਦਰਦੀਪ ਹਾਜ਼ਰ ਸਨ। ਇਹ ਕਿਤਾਬ ਪੰਜਾਬੀ ਭਵਨ ਸਥਿਤ ਅਕਾਡਮੀ ਦੇ ਪੁਸਤਕ ਵਿਕਰੀ ਕੇਂਦਰ ਤੋਂ ਮਿਲ ਸਕਦੀ ਹੈ।