- ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ, 19 ਜੂਨ 2024 : ਦੋਰਾਹਾ ਨੇੜੇ ਪਿੰਡ ਬੇਗੋਵਾਲ ਦੇ ਜੰਮਪਲ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਸਰੀ(ਕੈਨੇਡਾ) ਵੱਸਦੇ ਪੰਜਾਬੀ ਸ਼ਾਇਰ ਸ. ਹਰਭਜਨ ਸਿੰਘ ਮਾਂਗਟ ਕੈਨੇਡਾ ਵਿੱਚ ਸੁਰਗਵਾਸ ਹੋ ਗਏ ਹਨ। ਇਹ ਜਾਣਕਾਰੀ ਸ. ਮਾਂਗਟ ਦੇ ਮਿੱਤਰ ਸ. ਕੇਸਰ ਸਿੰਘ ਕੂਨਰ ਨੇ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਸ. ਹਰਭਜਨ ਸਿੰਘ ਮਾਂਗਟ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਰਹਿੰਦਿਆਂ ਉਹ ਲੁਧਿਆਣਾ ਦੀਆਂ ਸਾਹਿੱਤਕ ਸਰਗਰਮੀਆਂ ਦਾ ਸਰਗਰਮ ਹਿੱਸਾ ਰਹੇ। ਉਹ ਲਿਖਾਰੀ ਸਭਾ ਰਾਮਪੁਰ ਦੇ ਵੀ ਬਾਨੀ ਮੈਂਬਰਾਂ ਵਿੱਚੋਂ ਇੱਕ ਸਨ। ਭਾਰਤੀ ਸੈਨਾ ਵਿੱਚ ਸੇਵਾ ਉਪਰੰਤ ਉਹ ਪਹਿਲਾਂ ਪਿੰਡ ਬੇਗੋਵਾਲ ਹੀ ਰਹਿੰਦੇ ਸਨ। ਆਈ ਐੱਨ ਏ ਦੇ ਸੁਤੰਤਰਤਾ ਸੰਗਰਾਮੀ ਕੈਪਟਨ ਗੁਰਬਚਨ ਸਿੰਘ ਮਾਂਗਟ ਦੇ ਸਪੁੱਤਰ ਹੋਣ ਕਾਰਨ ਉਨ੍ਹਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਪ੍ਰਬਲ ਸੀ। ਉਨ੍ਹਾਂ ਦੇ ਲਿਖੇ ਗੀਤ ਅਕਾਸ਼ਵਾਣੀ ਜਲੰਧਰ ਤੋਂ ਲੰਮਾ ਸਮਾਂ ਪ੍ਰਸਾਰਤ ਹੁੰਦੇ ਰਹੇ ਹਨ। ਪ੍ਰੋ. ਗਿੱਲ ਨੇ ਦੱਸਿਆ ਕਿ ਸ. ਹਰਭਜਨ ਸਿੰਘ ਮਾਂਗਟ ਦੀਆਂ ਕਾਵਿ ਪੁਸਤਕਾਂ ਵਿੱਚ ਚੁੱਪ ਦੀ ਦਹਿਲੀਜ਼ (ਕਵਿਤਾ) ਮਨ ਦੀ ਛਾਵੇਂ (ਕਵਿਤਾ) ਹਾਦਸੇ ਤੇ ਜ਼ਿੰਦਗੀ (ਕਵਿਤਾ)ਰਾਖੇ (ਕਵਿਤਾ) ਦਸਤਕ ਗ਼ਜ਼ਲਾਂ ਦੀ ਤੇ ਬਿੱਛੂ ਬੂਟੀ ਪ੍ਰਮੁੱਖ ਹਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਵੀ ਪ੍ਰਧਾਨ ਰਹੇ ਅਤੇ ਸਰਵੋਤਮ ਸਾਹਿਤਕਾਰ ਦੇ ਐਵਾਰਡ ਜੇਤੂ ਵੀ ਸਨ। ਹਰਭਜਨ ਸਿੰਘ ਮਾਂਗਟ ਦੇ ਨਿਕਟ ਵਰਤੀ ਦੋਸਤ ਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਸ. ਮਾਂਗਟ ਲਿਖਾਰੀ ਸਭਾ ਰਾਮਪੁਰ ਦੀ ਪਹਿਲੀ ਪੀੜ੍ਹੀ ਦੇ ਲੇਖਕਾਂ ਵਿੱਚੋਂ ਸਨ। 'ਅੱਖੀਆਂ ਤੱਕ ਨਾ ਰੱਜੀਆਂ, ਮੇਰਾ ਹੋਰ ਤੱਕਣ ਨੂੰ ਜੀਅ ਕਰਦਾ', ਉਸ ਦਾ ਪਹਿਲਾ ਗੀਤ ਸੀ। ਇਹ ਗੀਤ ਪ੍ਰੋ.ਮੋਹਨ ਸਿੰਘ ਵੱਲੋਂ ਸੰਪਾਦਿਤ ਕੀਤੇ ਜਾਂਦੇ ਮੈਗਜ਼ੀਨ ' ਪੰਜ ਦਰਿਆ' ਦੈ ਜੂਨ,1954 ਅੰਕ ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਕਵਿਤਾ, ਮੈਂ ਕਾਮਾ ਕਿਸਾਨ' ਲਿਖੀ। ਇਹ ਕਵਿਤਾ ਬਹੁਤ ਚਰਚਿਤ ਰਹੀ। 1962 ਵਿਚ ਛਪੇ ਪਹਿਲਾ ਕਾਵਿ ਸੰਗ੍ਰਿਹ 'ਰਾਖੇ' ਨਾਲ ਹੀ ਪੰਜਾਬੀ ਕਵਿਤਾ ਵਿਚ ਉਸਦਾ ਜ਼ਿਕਰ ਹੋਣਾ ਸ਼ੁਰੂ ਹੋ ਗਿਆ। ਉਸ ਦੀਆਂ ਦੋ ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਆਸਾ ਸਿੰਘ ਮਸਤਾਨਾ ਅਤੇ ਜਗਜੀਤ ਜੀਰਵੀ ਸਮੇਤ 10 ਤੋਂ ਵੱਧ ਗਾਇਕਾਂ ਨੇ ਉਸ ਦੇ ਗੀਤ ਗਾਏ ਹਨ। ਪੰਜਾਬੀ ਲਿਖਾਰੀ ਸਭਾ ਰਾਮਪੁਰ ਨੇ ਹਰਭਜਨ ਸਿੰਘ ਮਾਂਗਟ ਨੂੰ 'ਲਾਭ ਸਿੰਘ ਚਾਤ੍ਰਿਕ ' ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਦੇ ਲਿਖੇ ਨਾਵਲਿਟ ਨਾਗਮਣੀ ਤੇ ਦ੍ਰਿਸ਼ਟੀ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਏ ਸਨ।