ਲੁਧਿਆਣਾ, 20 ਮਾਰਚ : ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਵੱਲੋਂ ਬਾਬੂਸ਼ਾਹੀ ਨੈੱਟ ਵਰਕ ਦੇ ਸਾਂਝੇ ਉੱਦਮ ਨਾਲ ਪਿੰਡ ਗੁੜ੍ਹੇ (ਨੇੜੇ ਚੌਂਕੀਮਾਨ ) ਫ਼ੀਰੋਜ਼ਪੁਰ ਰੋਡ ਲੁਧਿਆਣਾ ਵਿਖੇ ਸ. ਗੁਰਮੀਤ ਸਿੰਘ ਮਾਨ (ਕਸਟਮਜ਼)ਦੇ ਮਾਨ ਫਾਰਮ ਹਾਊਸ ਵਿਖੇ ਬੇਰ ਬਗੀਚੀ ਮੇਲਾ 24 ਮਾਰਚ ਐਤਵਾਰ ਸਵੇਰੇ 10.30 ਵਜੇ ਕਰਵਾਇਆ ਜਾ ਰਿਹਾ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਬਾਬੂਸ਼ਾਹੀ ਨੈੱਟਵਰਕ ਦੇ ਸੰਚਾਲਕ ਬਲਜੀਤ ਬੱਲੀ ਨੇ ਦੱਸਿਆ ਕਿ ਇਸ ਮੇਲੇ ਦਾ ਮਨੋਰਥ ਪੰਜਾਬ ਦੇ ਪੁਰਾਤਨ ਫ਼ਲਾਂ ਦੀ ਲੋਕ ਮਨਾਂ ਵਿੱਚ ਸਾਰਥਿਕਤਾ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਬੇਰਾਂ ਦੀ ਪੌਸ਼ਟਿਕ ਮਹੱਤਤਾ, ਪਕਵਾਨ ਤੇ ਕਾਸ਼ਤ ਬਾਰੇ ਪੀ ਏ ਯੂ ਮਾਹਿਰ ਡਾ. ਅਨਿਲ ਸ਼ਰਮਾ ਦੀ ਅਗਵਾਈ ਹੇਠ ਗੱਲਬਾਤ ਕਰਨਗੇ। ਲੋਕ ਫਨਕਾਰ ਪਾਲੀ ਦੇਤਵਾਲੀਆ, ਰਵਿੰਦਰ ਰੰਗੂਵਾਲ ਤੇ ਪਾਲੀ ਖਾਦਿਮ ਸੰਗੀਤ ਤੇ ਵਾਦਨ ਪੇਸ਼ਕਾਰੀਆਂ ਰਾਹੀਂ ਰੰਗ ਭਰਨਗੇ। ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਕਵੀ ਦਰਬਾਰ ਦਾ ਸੰਚਾਲਨ ਪ੍ਰਭਜੋਤ ਸੋਹੀ, ਰਾਜਦੀਪ ਤੂਰ ਤੇ ਕਰਮਜੀਤ ਗਰੇਵਾਲ ਕਰਨਗੇ। ਬੇਰਾਂ ਦੇ ਕਦਰਦਾਨਾਂ ਦੀ ਹਾਜ਼ਰੀ ਸਾਡੇ ਸੁਪਨਿਆਂ ਚ ਰੰਗ ਭਰੇਗੀ। ਇਸ ਮੇਲੇ ਵਿੱਚ ਸ਼ਾਮਿਲ ਹਰ ਵਿਅਕਤੀ ਮੁੱਖ ਮਹਿਮਾਨ ਹੋਵੇਗਾ। ਇਫਕੋ ਅਦਾਰਾ ਵੀ ਇਸ ਵਿੱਚ ਬੇਰ ਬਗੀਚਾ ਮੇਲੇ ਵਿੱਚ ਸ਼ਾਮਿਲ ਹੋ ਰਿਹਾ ਹੈ। ਨਾਮਵਰ ਫੋਟੋ ਕਲਾਕਾਰ ਬੇਰ ਬਗੀਚਾ ਮੇਲੇ ਦੀ ਫੋਟੋਗਰਾਫ਼ੀ ਕਰਨਗੇ। ਇਸ ਮੇਲੇ ਨੂੰ ਮਾਲਵਾ ਟੀ ਵੀ ਵੱਲੋਂ ਸ. ਅੰਮ੍ਰਿਤਪਾਲ ਸਿੰਘ ਗਰੇਵਾਲ ਲਾਈਵ ਟੈਲੀਕਾਸਟ ਕਰਨਗੇ।