- ਵਿਦਿਆਰਥੀਆਂ ਨੇ ਧਰਮ, ਜਾਤ-ਪਾਤ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ, ਹੱਕਾਂ ਅਤੇ ਫਰਜਾਂ ਦੇ ਨਾਲ ਗੌਰਵਮਈ ਇਤਿਹਾਸ ਅਤੇ ਦੇਸ਼ ਭਗਤੀ ਦੀ ਗੱਲ ਕੀਤੀ
ਮੁੱਲਾਂਪੁਰ ਦਾਖਾ, 19 ਮਾਰਚ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਐਮ.ਏ. ਅਤੇ ਪੀ.ਐੱਚ.ਡੀ. ਦੇ ਵਿਦਿਆਰਥੀ ਜੋ ਦੇਸ਼ ਦੀਆਂ ਵੱਖ ਵੱਖ ਸਟੇਟਾਂ ਨਾਲ ਸੰਬੰਧਿਤ ਸਨ, ਡਾ. ਉਪਨੀਤ ਕੌਰ ਮਾਂਗਟ ਚੇਅਰਪਰਸਨ ਸੈਂਟਰ ਫਾਰ ਹਿਊਮਨ ਰਾਈਟਸ ਅਤੇ ਡਿਊਟੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਗਵਾਈ ਹੇਠ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਪਹੁੰਚੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰੋ. ਐਚ.ਐੱਸ. ਧਾਲੀਵਾਲ, ਕਿਰਨਦੀਪ ਸਿੰਘ ਸਿੱਧੂ ਜਨਰਲ ਸਕੱਤਰ ਫਾਊਂਡੇਸ਼ਨ ਕੈਨੇਡਾ, ਅਸ਼ਵਨੀ ਬਾਵਾ ਪ੍ਰਧਾਨ ਫਾਊਂਡੇਸ਼ਨ ਆਸਟਰੇਲੀਆ ਅਤੇ ਉੱਘੇ ਟਰਾਂਸਪੋਰਟ ਗੁਰਨਾਮ ਸਿੰਘ ਹਾਜ਼ਰ ਸਨ। ਇਸ ਸਮੇਂ ਆਏ ਵਿਦਿਆਰਥੀਆਂ ਨੇ ਪਹਿਲਾਂ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕੀਤੇ ਅਤੇ ਤਸਵੀਰਾਂ ਰਾਹੀਂ ਵਡਮੁੱਲੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਕੇ ਸਭ ਨੇ ਸਿੱਖ ਧਰਮ ਦੀਆਂ ਉੱਚੀਆਂ-ਸੁੱਚੀਆਂ ਪ੍ਰੰਪਰਾਵਾਂ, ਸਮਾਜਿਕ ਬਰਾਬਰਤਾ ਦੀ ਭਰਪੂਰ ਸਰਾਹਨਾ ਕੀਤੀ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਹਾਲ ਵਿੱਚ ਸੈਮੀਨਾਰ ਕੀਤਾ ਗਿਆ ਜਿੱਥੇ ਸਭ ਨੇ ਵਿਚਾਰ ਰੱਖੇ, ਉੱਥੇ ਸਾਫ ਦਿਖਾਈ ਦੇ ਰਿਹਾ ਸੀ ਕਿ ਅੱਜ ਦਾ ਵਿਦਿਆਰਥੀ ਧਰਮ, ਜਾਤ ਪਾਤ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਅਧਿਕਾਰਾਂ ਅਤੇ ਫਰਜ਼ਾਂ ਦੀ ਗੱਲ ਕਰਦਾ ਹੈ ਜੋ ਦੇਸ਼ ਦੇ ਲੋਕਾਂ ਲਈ ਉਸਾਰੂ ਸੋਚ ਰੱਖਣ ਵਾਲੇ ਵਿਦਿਆਰਥੀਆਂ ਦਾ ਸੁਨੇਹਾ ਹੈ। ਇਸ ਸਮੇਂ ਕ੍ਰਿਸ਼ਨ ਕੁਮਾਰ ਬਾਵਾ ਡਾ. ਅਪਨੀਤ ਕੌਰ, ਪ੍ਰੋ. ਐਚ.ਐੱਸ. ਧਾਲੀਵਾਲ, ਕਿਰਨਦੀਪ ਸਿੰਘ ਸਿੱਧੂ ਕੈਨੇਡਾ, ਅਸ਼ਵਨੀ ਬਾਵਾ ਨੇ ਵੀ ਵਿਚਾਰ ਰੱਖੇ ਅਤੇ ਵਿਦਿਆਰਥੀਆਂ ਦੀ ਸੋਚ ਨੂੰ ਸਲੂਟ ਕਰਦੇ ਹੋਏ ਉਹਨਾਂ ਕਿਹਾ ਕਿ ਅੱਜ ਅਸੀਂ ਇਹਨਾਂ ਵਿਦਿਆਰਥੀਆਂ ਅੰਦਰ ਭਾਰਤ ਦਾ ਉਜਵਲ ਭਵਿੱਖ ਦੇਖ ਰਹੇ ਹਾਂ। ਇਸ ਸਮੇਂ ਵਿਦਿਆਰਥੀਆਂ ਵਿੱਚ ਪਦਮਾ, ਮੋਨਿਕਾ, ਕਵਿਤਾ, ਮਾਨਵਜੀਤ, ਪਾਰੁਲ, ਗੁਨੀਤ, ਕਰਨ, ਅਮਨਦੀਪ, ਗੁਰਨੂਰ, ਮੁਸਕਾਨ, ਸ਼ੁਭਮ, ਵਿਸ਼ਨੂੰ, ਗੁਰਨਾਮ, ਰੀਆ, ਜਸ਼ਨਪ੍ਰੀਤ, ਯਸ਼ਪ੍ਰੀਤ, ਅਮਿਤਾ, ਦ੍ਰਿਸ਼ਟੀ, ਸਮਾਇਰਾ, ਸੰਜਨਾ ਆਦਿ ਹਾਜ਼ਰ ਸਨ।