- ਹਰਿਆਣਾ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਲਿਖੀ ਚਿੱਠੀ, ਪੰਜਾਬੀਆਂ ਦੀ ਆਵਾਜਾਈ ਦੌਰਾਨ ਸੁਰੱਖਿਆ ਦੀ ਰੱਖੀ ਮੰਗ
ਫਾਜ਼ਿਲਕਾ 29 ਜੁਲਾਈ 2024 : ਪੰਜਾਬ ਦੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਪਿੰਡ ਚਿਮਨੇਵਾਲਾ ਵਿਖੇ ਪਹੁੰਚ ਕੇ ਐਨਆਰਆਈ ਪਰਿਵਾਰ ਨਾਲ ਮੁਲਾਕਾਤ ਕੀਤੀ। ਜਿਨਾਂ ਤੇ ਪਿਛਲੇ ਦਿਨੀ ਦਿੱਲੀ ਤੋਂ ਪੰਜਾਬ ਆਉਣ ਸਮੇਂ ਹਰਿਆਣਾ ਵਿੱਚ ਹਮਲੇ ਦੀ ਵਾਰਦਾਤ ਹੋਈ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਚਿੱਠੀ ਲਿਖ ਕੇ ਉਕਤ ਘਟਨਾ ਵਿੱਚ ਸ਼ਾਮਿਲ ਦੋਸ਼ੀਆਂ ਦੀ ਪਹਿਚਾਣ ਕਰਨ ਅਤੇ ਉਨਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਤੋਂ ਮਿਲਣ ਦਾ ਸਮਾਂ ਵੀ ਮੰਗਿਆ ਹੈ ਤਾਂ ਜੋ ਹਰਿਆਣਾ ਸਰਕਾਰ ਤੇ ਦਬਾਅ ਬਣਾਇਆ ਜਾ ਕਿ ਦਿੱਲੀ ਅਤੇ ਪੰਜਾਬ ਵਿੱਚਕਾਰ ਆਵਾਜਾਈ ਕਰਨ ਵਾਲੇ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਹਨਾਂ ਨੇ ਹਰਿਆਣਾ ਸਰਕਾਰ ਤੋਂ ਮੰਗ ਰੱਖੀ ਕਿ ਉਹ ਪੰਜਾਬ ਨੂੰ ਦਿੱਲੀ ਨਾਲ ਜੋੜਦੀਆਂ ਸੜਕਾਂ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ। ਇਸ ਮੌਕੇ ਉਨਾਂ ਨੇ ਇਹ ਵੀ ਕਿਹਾ ਕਿ ਉਕਤ ਮਾਮਲੇ ਵਿੱਚ ਸੁਖਵਿੰਦਰ ਕੌਰ ਜੋ ਕਿ ਵਿਦੇਸ਼ ਤੋਂ ਪਰਤੇ ਸਨ ਅਤੇ ਉਨਾਂ ਦੇ ਪਤੀ ਬੂਟਾ ਸਿੰਘ ਉਹਨਾਂ ਨੂੰ ਦਿੱਲੀ ਤੋਂ ਲੈਣ ਗਏ ਸਨ ਅਤੇ ਰਸਤੇ ਵਿੱਚ ਉਹਨਾਂ ਤੇ ਹਮਲਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਦੌਰਾਨ ਡਰਾਈਵਰ ਲਖਵਿੰਦਰ ਸਿੰਘ ਵੱਲੋਂ ਜੋ ਫੁਰਤੀ ਨਾਲ ਕਾਰਵਾਈ ਕਰਦਿਆਂ ਵੱਡੇ ਜਾਨੀ ਨੁਕਸਾਨ ਤੋਂ ਬਚਾਇਆ ਗਿਆ ਹੈ, ਜਿਸ ਨੂੰ ਦੇਖਦਿਆਂ ਕੈਬਨਿਟ ਮੰਤਰੀ ਨੇ ਸਬੰਧਤ ਡਰਾਈਵਰ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਉਨਾਂ ਡਰਾਈਵਰ ਲਖਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਬਹਾਦਰੀ ਪੁਰਸਕਾਰ ਦੇਣ ਦਾ ਵੀ ਵਿਸ਼ਵਾਸ ਦਵਾਇਆ! ਇਸ ਮੌਕੇ ਏ.ਆਈ.ਜੀ. ਐਨ.ਆਰ.ਆਈ. ਸ. ਜੇ.ਐਸ. ਵਾਲੀਆ, ਐਸ.ਡੀ.ਐਮ. ਵਿਪਨ ਭੰਡਾਰੀ, ਦੇਵਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਤੋਂ ਇਲਾਵਾ ਹੋਰ ਪਤਵੰਤੇ ਅਤੇ ਅਧਿਕਾਰੀ ਵੀ ਹਾਜ਼ਰ ਸਨ।