ਪੰਜਾਬ ਸਰਕਾਰ ਦੇ ਸਮੁੱਚੇ ਆਬਾਦਕਾਰ ਕਿਸਾਨਾਂ ਮਜ਼ਦੂਰਾਂ ਨੂੰ ਪੱਕੇ ਜਮੀਨੀ ਮਾਲਕੀ ਤੇ ਹੱਕ ਦੇਵੇ_ਪੰਨੂ 

ਬਰਨਾਲਾ 24 ਜਨਵਰੀ  (ਭੁਪਿੰਦਰ ਸਿੰਘ ਧਨੇਰ) ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜਿਲਾ ਬਠਿੰਡਾ ਦੇ ਪਿੰਡ ਜਿਉਂਦ ਵਿੱਚ ਅਬਾਦਕਾਰ ਕਿਸਾਨਾਂ ਨੂੰ ਉਜਾੜਨ ਲਈ ਕੀਤੇ ਲਾਠੀ ਚਾਰਜ ਦੀ ਸਖਤ ਨਿਖੇਦੀ ਕੀਤੀ ਜਾਂਦੀ ਹੈ ਤੇ ਮੰਗ ਕੀਤੀ ਜਾਂਦੀ ਹੈ ਕਿ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਪਿੰਡ ਜਿਉਂਦ ਤੇ ਪੰਜਾਬ ਭਰ ਵਿੱਚ ਅਬਾਦਕਾਰ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦੇਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਜਿਲ੍ਹਾ ਬਠਿੰਡਾ ਦੇ ਪਿੰਡ ਜਿਉਂਦ ਵਿੱਚ 1907 ਤੋਂ 650 ਏਕੜ ਜਮੀਨ ਉੱਤੇ ਆਬਾਦਕਾਰ ਕਿਸਾਨ ਖੇਤੀ ਕਰ ਰਹੇ ਹਨ। ਪਰ ਭਗਵੰਤ ਮਾਨ ਸਰਕਾਰ ਵੱਲੋਂ ਕੋਰਟ ਦੇ ਹੁਕਮ ਨੂੰ ਲਾਗੂ ਕਰਵਾਉਣ ਲਈ ਚਾਰ ਜਿਲਿਆਂ ਦੀ ਪੁਲਿਸ ਫੋਰਸ ਭੇਜ ਕੇ ਧਨਾਡਾ ਨੂੰ ਕਬਜ਼ਾ ਕਰਵਾਉਣ ਲਈ ਆਬਾਦਕਾਰ ਕਿਸਾਨਾਂ ਉੱਤੇ ਲਾਠੀ ਚਾਰਜ ਕਰਕੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਹਨ ਤੇ ਜੁਲਮ ਜਬਰ ਕੀਤਾ ਹੈ। ਪੰਜਾਬ ਸਰਕਾਰ ਦੇ ਇਸ ਵਹਿਸ਼ੀ ਕਾਰੇ ਦੀ ਸਖਤ ਨਿਖੇਦੀ ਕਰਦਿਆਂ ਕਿਸਾਨ ਆਗੂ ਨੇ ਪਿੰਡ ਜਿਉਂਦ ਵਿੱਚ ਚੱਲ ਰਹੇ ਪੱਕੇ ਮੋਰਚੇ ਦੀ ਪੂਰਨ ਹਮਾਇਤ ਕੀਤੀ ਹੈ, ਪਿੰਡ ਜਿਉਂਦ ਦੀ 650 ਏਕੜ ਜਮੀਨ ਸਮੇਤ ਪੰਜਾਬ ਭਰ ਵਿੱਚ ਲੱਖਾਂ ਏਕੜ ਜਮੀਨ ਉੱਤੇ ਖੇਤੀ ਕਰ ਰਹੇ ਆਬਾਦਕਾਰਾਂ ਨੂੰ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕਰਕੇ ਪੱਕੇ ਮਾਲਕੀ ਹੱਕ ਦੇਣ ਦੀ ਮੰਗ ਕੀਤੀ ਹੈ । ਕਿਸਾਨ ਆਗੂ ਨੇ ਅੱਗੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ 80% ਲੋਕ ਖੇਤੀ ਉੱਤੇ ਗੁਜ਼ਾਰਾ ਕਰ ਰਹੇ ਹਨ ਪੰਜਾਬ ਸਰਕਾਰ ਸੂਬੇ ਭਰ ਵਿੱਚ 1972 ਵਿੱਚ ਬਣੇ ਜਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਕੇ ਰਜਵਾੜਿਆਂ,ਧਨਾਡਾ, ਰਾਜਸੀ ਨੇਤਾਵਾਂ, ਵੱਡੀ ਅਫਸਰਸ਼ਾਹੀ ਵੱਡੇ ਵਪਾਰੀਆਂ ਪੁਜਾਰੀਆਂ ਤੇ ਦੋ ਨੰਬਰ ਦਾ ਧੰਦਾ ਕਰਨ ਵਾਲੇ ਮਾਫੀਏ ਗਰੁੱਪਾਂ ਦੀ ਅਚੱਲ ਤੇ ਚਲ ਜਾਇਦਾਦਾਂ ਦੀ ਨਿਰਪੱਖ ਜਾਂਚ ਕਰਵਾਏ ਤੇ ਸਾਡੇ ਸਤਾਰਾਂ ਏਕੜ ਵੱਧ ਸਰਪਲੱਸ ਜ਼ਮੀਨਾਂ ਤੇ ਆਮਦਨ ਤੋਂ ਵਾਧੂ ਜਾਇਦਾਦ ਜ਼ਬਤ ਕਰੇ । ਇਹ ਜ਼ਬਤ ਕੀਤੀ ਲੱਖਾ ਏਕੜ ਜ਼ਮੀਨ ਬੇਜ਼ਮੀਨਿਆਂ ਤੇ ਥੁੜ - ਜਮੀਨਿਆ ਵਿੱਚ ਬਰਾਬਰ ਵੰਡੀ ਜਾਵੇ। ਕਿਸਾਨ ਆਗੂ ਨੇ ਪੰਜਾਬ ਭਰ ਦੀਆਂ ਸੰਘਰਸ਼ੀਲ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਓ ਇਕੱਠੇ ਹੋ ਕੇ ਆਪਣੀ ਜਮੀਨ ਹੋਂਦ ਹਸਤੀ ਨੂੰ ਬਚਾਉਣ ਦਾ ਲਮਕਵਾ ਯੁੱਧ ਲੜਨ ਲਈ ਕਮਰ ਕੱਸੇ ਕਰੀਏ।