ਲੁਧਿਆਣਾ, 17 ਜਨਵਰੀ : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਪ੍ਰਧਾਨਗੀ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦਾ ਆਯੋਜਨ ਹੋਇਆ ਜਿੱਥੇ ਬਿਜਲੀ ਵਿਭਾਗ ਸਬੰਧੀ ਹਲਕੇ ਦੇ ਵਸਨੀਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਦੌਰਾਨ ਪੀ.ਐਸ.ਪੀ.ਸੀ.ਐਲ. ਦੇ ਚੀਫ ਇੰਜੀਨੀਅਰ ਐਸ.ਆਰ. ਵਸ਼ਿਸਟ, ਡਿਪਟੀ ਚੀਫ ਇੰਜੀਨੀਅਰ ਅਨਿਲ ਸ਼ਰਮਾ, ਐਕਸੀਅਨ ਰਜੇਸ਼ ਕੁਮਾਰ, ਐਕਸੀਅਨ ਮਨਦੀਪ ਸਿੰਘ, ਏ.ਐਸ.ਈ. ਦਲਜੀਤ ਸਿੰਘ, ਏ.ਐਸ.ਈ. ਜੇ.ਐਸ. ਜੰਡੂ, ਐਸ.ਡੀ.ਓ. ਸ਼ਿਵ ਕੁਮਾਰ, ਐਸ.ਡੀ.ਓ. ਨਿਤਿਸ਼, ਐਸ.ਡੀ.ਓ. ਸੁਸ਼ੀਲ ਕੁਮਾਰ ਤੋਂ ਇਲਾਵਾ ਵੱਖ-ਵੱਖ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਚੌਧਰੀ ਬੱਗਾ ਵੱਲੋਂ ਮੀਟਿੰਗ ਦੌਰਾਨ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵੱਖ-ਵੱਖ ਵਾਰਡਾਂ ਵਿੱਚ ਲਮਕਦੀਆਂ ਬਿਜਲੀ ਦੀਆਂ ਤਾਰਾਂ ਨੂੰ ਦਰੁਸਤ ਕੀਤਾ ਜਾਵੇ, ਜੇਕਰ ਕੋਈ ਖੰਬਾ ਟੇਢਾ-ਮੇਢਾ ਹੈ ਉਸ ਨੂੰ ਵੀ ਠੀਕ ਕੀਤਾ ਜਾਵੇ। ਵਿਧਾਇਕ ਬੱਗਾ ਦੇ ਧਿਆਨ ਵਿੱਚ ਆਇਆ ਹੈ ਕਿ ਬਾਜਾਰ ਵਿੱਚ ਕਈ ਥਾਵਾਂ 'ਤੇ ਘਰਾਂ ਦੇ ਅੱਗੇ ਪੁਰਾਣੇ ਬੋਰਡ ਲੱਗੇ ਹਨ, ਵੱਖ-ਵੱਖ ਥਾਵਾਂ 'ਤੇ ਸੜ੍ਹਕਾਂ ਦੇ ਵਿਚਕਾਰ ਖੰਭੇ ਲੱਗੇ ਹੋਏ ਹਨ ਜੋਕਿ ਟ੍ਰੈਫਿਕ ਜਾਮ ਦਾ ਕਾਰਨ ਬਣਦੇ ਹਨ, ਨੂੰ ਵੀ ਢੁੱਕਵੇਂ ਸਥਾਨਾਂ 'ਤੇ ਸਥਾਪਤ ਕੀਤਾ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚਲਦੀ ਰਹੇ। ਇਸ ਤੋਂ ਇਲਾਵਾ ਉਨ੍ਹਾਂ ਬੁੱਢੇ ਨਾਲੇ ਦੇ ਨਾਲ ਲਗਦੇ ਜਿੰਨੇ ਵੀ ਟ੍ਰਾਂਸਫਾਰਮਰ ਲੱਗੇ ਹੋਏ ਹਨ ਉਨ੍ਹਾਂ ਨੂੰ ਵੀ ਹਟਾਉੁਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬੁੱਢੇ ਨਾਲੇ ਦੇ ਨਾਲ ਲੱਗਦੀ ਸੜ੍ਹਕ ਨੂੰ ਚੌੜਾ ਕੀਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਚੱਲ ਰਹੇ ਕਾਰਜ਼ਾਂ 'ਚ ਤੇਜ਼ੀ ਲਿਆਂਦੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗੁਵਾਈ ਵਾਲੀ ਸਰਕਾਰ ਆਮ ਜਨਤਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।