- ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਅਗਾਂਹਵਧੂ ਕਿਸਾਨ ਸਿੰਗਾਰ ਚੰਦ
ਫਾਜ਼ਿਲਕਾ 10 ਅਕਤੂਬਰ : ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਖੇਤਾਂ ਵਿਚ ਵਹਾ ਕੇ ਅਗਲੀ ਫਸਲ ਬੀਜਣ ਤਹਿਤ ਕੀਤੇ ਜਾ ਰਹੇ ਸਫਲ ਉਪਰਾਲਿਆਂ ਤਹਿਤ ਕਿਸਾਨਾਂ ਵਲੋਂ ਖੇਤੀਬਾੜੀ ਵਿਭਾਗ ਦੀਆਂ ਨਵੀਆਂ ਤਕਨੀਕਾਂ ਨਾਲ ਖੇਤੀ ਕੀਤੀ ਜਾ ਰਹੀ ਹੈ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਮੁਕਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਪਰਾਲੀ ਨੂੰ ਨਾ ਸਾੜਨ ਵਾਲੇ ਫਾਜ਼ਿਲਕਾ ਦੇ ਪਿੰਡ ਕਮਰੇ ਵਾਲਾ ਸਫਲ ਅਗਾਂਹਵਧੂ ਕਿਸਾਨ ਸਿੰਗਾਰ ਚੰਦ ਨੇ ਦੱਸਿਆ ਕਿ ਪਿਛਲੇ ਸਾਲ ਉਸਨੇ ਆਪਣੇ 4 ਏਕੜ ਵਿਚ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕੀਤੀ ਸੀ ਤੇ ਇਸ ਸਾਲ ਉਹ ਇਸ ਤਕਨੀਕ ਨਾਲ ਜ਼ਿਆਦਾ ਰਕਬੇ ਵਿੱਚ ਕਣਕ ਦੀ ਬਿਜਾਈ ਕਰ ਰਿਹਾ ਹੈ। ਕਿਸਾਨ ਸਿੰਗਾਰ ਚੰਦ ਨੇ ਦੱਸਿਆ ਦਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਾਜ਼ਿਲਕਾ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਨਾਲ ਉਹ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਹੋਇਆ ਹੈ। ਉਸਦਾ ਕਹਿਣਾ ਹੈ ਕਿ ਇਸ ਨਾਲ ਕੀਮਤੀ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ। ਉਸਨੇ ਦੱਸਿਆ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਤੇ ਅਗਲੀ ਫਸਲ ਦੀ ਮਲਚਿੰਗ ਵਿਧੀ ਨਾਲ ਕਰਦਾ ਹੈ ਜਿਸ ਤੇ ਖਰਚਾ ਵੀ ਘੱਟ ਆਉਂਦਾ ਹੈ ਤੇ ਫਸਲ ਦਾ ਝਾੜ ਵੀ ਵਧਦਾ ਹੈ। ਕਿਸਾਨ ਨੇ ਦੱਸਿਆ ਕਿ ਉਹ ਪ੍ਰਤੀ ਏਕੜ 45 ਕਿਲੋ ਬੀਜ ਤੇ 50 ਕਿਲੋ ਡੀਏਪੀ ਰਲਾ ਕੇ ਦੋਹਰਾ ਛੱਟਾ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਰੀਪਰ ਨੂੰ 5 ਤੋਂ 6 ਇੰਚ ਉਪਰ ਚੱਕ ਕੇ ਪਰਾਲੀ ਦਾ ਕੁਤਰਾ ਕੀਤਾ ਜਾਂਦਾ ਹੈ ਤੇ ਜੇਕਰ ਕਿਤੇ ਫਿਰ ਵੀ ਕਿਤੇ ਪਰਾਲੀ ਜ਼ਿਆਦਾ ਨਜ਼ਰ ਆਵੇ ਤਾਂ ਉਸ ਨੂੰ ਡੰਡੇ ਜਾਂ ਤਰੇਂਗਲ ਨਾਲ ਇੱਕ ਸਾਰ ਕਰ ਦਿੰਦਾ ਹੈ ਤੇ ਬਾਅਦ ਵਿੱਚ ਪਾਣੀ ਲਗਾ ਦਿੱਤਾ ਜਾਂਦਾ ਹੈ ਤੇ ਇਹ ਪਾਣੀ 24 ਘੰਟੇ ਵਿੱਚ ਜਮੀਨ ਵਿੱਚ ਜਜਬ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਨਾ ਕੇਵਲ ਪਰਾਲੀ ਜਮੀਨ ਵਿੱਚ ਹੌਲੀ-ਹੌਲੀ ਜਜਬ ਹੋ ਜਾਂਦੀ ਹੈ ਤੇ ਇਸ ਤੇ ਯੂਰੀਆ ਖਾਦ ਦੀ ਵੀ ਘੱਟ ਲੋੜ ਹੁੰਦੀ ਹੈ। ਕਿਸਾਨ ਨੇ ਕਿਹਾ ਕਿ ਇਸ ਤਕਨੀਕ ਨਾਲ ਬੀਜੀ ਕਣਕ ਵਿੱਚ ਨਦੀਨ ਨਹੀਂ ਉੱਗਦੇ ਹਨ ਜਿਸ ਕਰਕੇ ਕਿਸਾਨਾਂ ਨੂੰ ਨਦੀਨਾਂ ਦੀ ਸਪਰੇ ਨਹੀਂ ਕਰਨੀ ਪੈਂਦੀ। ਅਜਿਹਾ ਕਰਨ ਨਾਲ ਕਣਕ ਦਾ ਝਾੜ ਵੀ ਜ਼ਿਆਦਾ ਪ੍ਰਾਪਤ ਹੁੰਦਾ ਹੈ ਤੇ ਇਹ ਕਣਕ ਬਰਸਾਤ ਤੇ ਸੋਕੇ ਦੀ ਮਾਰ ਵੀ ਝੱਲ ਸਕਦੀ ਹੈ। ਕਿਸਾਨ ਨੇ ਕਿਹਾ ਕਿ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਜਮੀਨ ਵਿੱਚ ਦਬਾ ਕੇ ਫਸਲ ਬੀਜਣ ਨਾਲ ਜਿਥੇ ਉਹ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਵਿਚ ਸਫਲ ਹੋਇਆ ਹੈ ਉਸ ਦੇ ਨਾਲ-ਨਾਲ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਇੰਜੀਨੀਅਰ ਕਮਲ ਗੋਇਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਉਨਾਂ ਨੂੰ ਆਧੁਨਿਕ ਤਰੀਕੇ ਨਾਲ ਘੱਟ ਖਰਚੇ ਵਿੱਚ ਖੇਤੀ ਕਰਕੇ ਵੱਧ ਮੁਨਾਫਾ ਕਮਾਉਣ। ਉਨ੍ਹਾਂ ਕਿਹਾ ਕਿ ਉਹ ਇਸ ਕਿਸਾਨ ਤੋਂ ਪ੍ਰੇਰਨਾ ਲੈ ਕੇ ਮਲਚਿੰਗ ਤਕਨੀਕ ਤੇ ਆਧੁਨਿਕ ਸੰਦਾਂ ਨਾਲ ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਬਿਜਾਈ ਕਰਨ ਅਜਿਹਾ ਕਰਨ ਨਾਲ ਜਮੀਨ ਦੀ ਉਪਜਾਊ ਸਕਤੀ ਵਧਦੀ ਹੈ ਅਤੇ ਖੇਤੀ ਦੇ ਵਾਧੂ ਖਰਚੇ ਵੀ ਘੱਟਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਇਸ ਸਾਲ ਸਰਫੇਸ ਸੀਡਰ ਨਾਲ ਤੇ ਮਲਚਿੰਗ ਤਕਨੀਕ ਨਾਲ ਵੱਧ ਤੋਂ ਵੱਧ ਕਣਕ ਦੀ ਬਿਜਾਈ ਕਰਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਅਪੀਲ ਕਰਦਿਆਂ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਲਗਾਉਣ ਸਗੋਂ ਆਧੁਨਿਕ ਸੰਦਾਂ ਦੀ ਵਰਤੋਂ ਕਰਕੇ ਪਰਾਲੀ ਦਾ ਨਿਪਟਾਰਾ ਖੇਤ ਵਿੱਚ ਕਰਕੇ ਅਗਲੀ ਫਸਲ ਦੀ ਬਿਜਾਈ ਕਰਨੇ ਤੇ ਮਾਣਯੋਗ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਫਲ ਕਰੀਏ।