ਅਮਲੋਹ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਛੇਤੀ ਕੀਤਾ ਜਾਵੇਗਾ ਹੱਲ-ਕਾਰਜ ਸਾਧਕ ਅਫਸਰ

ਸ੍ਰੀ ਫਤਿਹਗੜ੍ਹ ਸਾਹਿਬ, 12 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਅਮਲੋਹ ਵਿਖੇ ਗੈਸ ਪਾਈਪ ਪਾਉਣ ਵਾਲੀ ਕੰਪਨੀ ਨਾਲ ਕੀਤੇ ਗਏ ਇਕਰਾਰਨਾਮੇ ਅਨੁਸਾਰ ਪਾਈਪ ਲਾਈਨ ਪਾਉਣ ਵੇਲੇ ਜੋ ਨੁਕਸਾਨ ਹੋਇਆ ਹੈ ਉਸ ਨੁਕਸਾਨ ਨੂੰ ਸਬੰਧਤ ਕੰਪਨੀ ਵੱਲੋਂ ਠੀਕ ਕਰਵਾਇਆ ਜਾਵੇਗਾ ਨਗਰ ਕੌਂਸਲ ਵੱਲੋਂ ਸਬੰਧਤ ਕੰਪਨੀ ਨੂੰ ਹਦਾਇਤ ਜਾਰੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਨੇ ਦਿੱਤੀ। ਉਹਨਾਂ ਦੱਸਿਆ ਕਿ ਨਗਰ ਕੌਂਸਲ ਸ਼ਹਿਰ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਪੂਰੀ ਦ੍ਰਿੜਤਾ ਨਾਲ ਕਾਰਜਸ਼ੀਲ ਹੈ ਅਤੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਗੈਸ ਰਾਹੀਂ ਪਾਈਪ ਮੁਹੱਈਆ ਕਰਾਉਣ ਵਾਲੀਇਸ ਕੰਪਨੀ ਨਾਲ ਇਕਰਾਰਨਾਮਾ ਕੀਤਾ ਗਿਆ ਸੀ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਹੋਣ ਉਪਰੰਤ ਖੁੱਲੀਆਂ ਹੌਦੀਆਂ ਦੇ ਨਵੇਂ ਢੱਕਣ ਕੰਪਨੀ ਵੱਲੋਂ ਲਗਾਕੇ ਦਿੱਤੇ ਜਾਣਗੇ।ਕਾਰਜ ਸਾਧਕ ਅਫਸਰ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਾਫ ਸਫਾਈ ਲਈ ਟੀਮਾਂ ਬਣਾ ਕੇ ਕੂੜਾ ਕਰਕਟ ਦੀ ਸਫਾਈ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਦੇ ਘਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਚੁੱਕਣ ਲਈ ਡੋਰ ਟੂ ਡੋਰ 08 ਟਾਟਾ ਏਸ ਵਾਹਨ ਭੇਜੇ ਜਾ ਰਹੇ ਹਨ ਜੋ ਕਿ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚੋਂ ਕੂੜਾ ਇਕੱਤਰ ਕਰਦੇ ਹਨ। ਉਨਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦਾ ਕੂੜਾ ਲਿਫਾਫਿਆਂ ਚ ਪਾ ਕੇ ਸੜਕਾਂ ਤੇ ਨਾ ਸੁੱਟਿਆ ਜਾਵੇ ਅਤੇ ਡੋਰ ਟੂ ਡੋਰ ਕੂੜਾ ਲੈਣ ਲਈ ਆਉਣ ਵਾਲੇ ਵਾਹਨਾਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਕਰਕੇ ਦਿੱਤਾ ਜਾਵੇ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਖੂਬਸੂਰਤ ਬਣਾਇਆ ਜਾ ਸਕੇ।