ਅਬੋਹਰ, 10 ਅਗਸਤ : ਸ਼ਹਿਰ ਦੇ ਹਨੂੰਮਾਨਗੜ੍ਹ ਰੋਡ 'ਤੇ ਸਥਿਤ ਇੱਕ ਨਿੱਜੀ ਸਕੂਲ ਵੈਨ ਪਿੰਡ ਭਾਗੂ ਨੇੜੇ ਪਲਟ ਗਈ। ਹਾਦਸੇ ਵਿਚ ਇੱਕ ਬੱਚੇ ਦੀ ਮੌਤ ਹੋ ਗਈ ਹੈ। ਇਕ ਬੱਚੀ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। 2 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਮਾਪੇ ਅਤੇ ਸਕੂਲ ਅਧਿਆਪਕ ਹਸਪਤਾਲ ਪਹੁੰਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਵੈਨ ਦੇ ਡਰਾਈਵਰ ਦੇਵਗਨ ਵਾਸੀ ਖੈਰਪੁਰ ਨੇ ਦੱਸਿਆ ਕਿ ਇਸ ਸਕੂਲ ਵੈਨ ਨੂੰ ਉਸ ਦਾ ਰਿਸ਼ਤੇਦਾਰ ਚਲਾਉਂਦਾ ਹੈ ਪਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਉਹ ਪਿਛਲੇ 2 ਦਿਨਾਂ ਤੋਂ ਵੈਨ ਨੂੰ ਸੰਭਾਲ ਰਿਹਾ ਹੈ। ਅੱਜ ਉਹ ਛੁੱਟੀ ਤੋਂ ਬਾਅਦ 4 ਬੱਚਿਆਂ ਨੂੰ ਵੈਨ ਵਿਚ ਘਰ ਛੱਡਣ ਜਾ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ। ਦੇਵਗਨ ਮੁਤਾਬਕ ਅਚਾਨਕ ਕੁੱਤਾ ਸਾਹਮਣੇ ਆ ਜਾਣ ਕਰ ਕੇ ਹਾਦਸਾ ਵਾਪਰ ਗਿਆ। ਹਾਦਸੇ 'ਚ 9 ਸਾਲਾ ਵਿਹਾਨ ਪੁੱਤਰ ਰੋਹਿਤ ਬਿਸ਼ਨੋਈ ਵਾਸੀ ਸੀਤੋ ਗੁੰਨੋ ਦੀ ਮੌਤ ਹੋ ਗਈ, ਜਦਕਿ ਇਕ ਲੜਕੀ ਜ਼ਖਮੀ ਹੋ ਗਈ, ਜਿਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਬਿਹਤਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਬੱਚੇ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰਦਿਆਂ ਪ੍ਰਸ਼ਾਸਨ ਨੂੰ ਬੱਚੇ ਦੀ ਲਾਸ਼ ਪੋਸਟਮਾਰਟਮ ਤੋਂ ਬਿਨਾਂ ਦੇਣ ਦੀ ਅਪੀਲ ਕੀਤੀ ਹੈ। ਜਿਸ 'ਤੇ ਪ੍ਰਸ਼ਾਸਨ ਨੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਸਿਹਤ ਵਿਭਾਗ ਨੂੰ ਲਿਖਤੀ ਮਨਜ਼ੂਰੀ ਦੇ ਦਿੱਤੀ।