ਹੇਰਾਂ : ਦਸ਼ਮੇਸ਼ ਖ਼ਾਲਸਾ ਚੈਰੀਟੇਬਲ ਟਰੱਸਟ ਹਸਪਤਾਲ ਹੇਰਾਂ (ਲੁਧਿਆਣਾ) ਵਿਖੇ ਆਯੋਜਿਤ ਕੀਤੇ ਇੱਕ ਵਿਸ਼ੇਸ਼ ਸਮਾਗਮ ਵਿੱਚ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਹੁਰਾਂ ਦੀ ਪੁਸਤਕ, "ਨਰਸਿੰਗ ਕਿੱੱਤੇ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ " ਰਿਲੀਜ਼ ਕੀਤੀ ਗਈ। ਕੌਮਾਂਤਰੀ ਪੱਧਰ ਦੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸਤਿਕਾਰਤ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਹੁਰਾਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਲੁਧਿਆਣਾ ਸ਼ਹਿਰ ਦੀ ਮੰਨੀ- ਪ੍ਰਮੰਨੀ ਸਮਾਜ ਸੇਵਿਕਾ, ਲੇਖਿਕਾ ਅਤੇ "ਗਿਆਨ ਅੰਜਨੁ ਅਕਾਦਮੀ" ਦੀ ਨਿਰਦੇਸ਼ਿਕਾ ਡਾਕਟਰ ਕੁਲਵਿੰਦਰ ਕੌਰ ਮਿਨਹਾਸ ਨੇ ਪੁਸਤਕ ਸੰਬੰਧੀ ਆਪਣਾ ਖੋਜ ਪੱਤਰ ਪੜ੍ਹਿਆ। ਲੋਕ ਅਰਪਿਤ ਪੁਸਤਕ ਜੋ ਮਨੁੱਖਤਾ ਨੂੰ ਸਮਰਪਿਤ ਭਾਵਨਾ ਵਾਲੀ ਜਗਤ ਪ੍ਰਸਿੱਧ ਨਾਇਕਾ ਮਦਰ ਟੈਰੇਸਾ ਨੂੰ ਸਮਰਪਿਤ ਹੈ, ਬਾਰੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਕਿਹਾ ਕਿ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਜੇ਼ਰੇ ਇਲਾਜ ਦੌਰਾਨ ਹੋਏ ਅਨੁਭਵਾਂ ਨੂੰ ਕਲਮਬੰਦ ਕਰਕੇ ਨਰਸਿੰਗ ਕਿੱੱਤੇ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਆਮ ਪਾਠਕਾਂ ਲਈ ਵੀ ਗੁਰਬਾਣੀ ਸਿਧਾਂਤਾਂ ਦੇ ਅੰਤਰਗਤ ਬੜਾ ਸਾਰਥਕ ਸੰਦੇਸ਼ ਦਿੱਤਾ ਹੈ। ਕੁਲ ਮਿਲਾ ਕੇ 87 ਸਫਿ਼ਆਂ ਦੀ ਇਹ ਪੁਸਤਕ ਆਪਣੀ ਸੰਬੋਧਨੀ ਸ਼ੈਲੀ ਤੇ ਬ੍ਰਿਤਾਂਤਮਈ ਜੁਗਤੀ ਦੇ ਮਾਧਿਅਮ ਰਾਹੀਂ ਇਕ ਨਿਵੇਕਲੀ ਵਿਧਾ ਦਾ ਅਹਿਸਾਸ ਕਰਵਾਉਂਦੀ ਹੈ। ਪੁਸਤਕ ਅਧਿਐਨ ਦੇ ਪ੍ਰਤਿਕਰਮ ਵਜੋਂ ਉਹਨਾਂ ਕਿਹਾ ਕਿ ਇਹ ਪੁਸਤਕ ਪੰਜਾਬੀ ਸਾਹਿਤ ਦੇ ਹਰ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਪੇਸ਼ ਹੋਏ ਸਿੱਖੀ ਚੇਤਨਾ ਵਾਲੇ ਇਤਿਹਾਸਕ ਅਤੇ ਪ੍ਰਮਾਣਿਕ ਹਵਾਲੇ ਬੜੇ ਵਿਦਵਤਾ ਭਰਪੂਰ ਹਨ। ਪ੍ਰਿੰਸੀਪਲ ਕ੍ਰਿਸ਼ਨ ਸਿੰਘ ਹੁਰਾਂ ਨੂੰ ਵਧਾਈ ਦਿੰਦਿਆਂ ਤੇ ਪਾਠਕਾਂ ਦੇ ਵਸੀਹ ਦਾਇਰੇ ਦੀਆਂ ਸੰਭਾਵਨਾਵਾਂ ਤੇ ਕੇਂਦ੍ਰਿਤ ਹੁੰਦਿਆਂ ਉਹਨਾਂ ਕਿਹਾ ਕਿ ਇਹ ਪੁਸਤਕ ਕੌਮਾਂਤਰੀ ਪੱਧਰ ਦੇ ਮੈਡੀਕਲ ਕਿੱਤੇ ਨਾਲ ਸੰਬੰਧਿਤ ਹੈ ਇਸ ਲਈ ਇਹ ਅੰਗਰੇਜ਼ੀ ਭਾਸ਼ਾ ਵਿਚ ਵੀ ਅਨੁਵਾਦ ਹੋਣੀ ਚਾਹੀਦੀ ਹੈ। ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਵੀ ਪੁਸਤਕ ਸੰਬੰਧੀ ਆਪਣਾ ਮੱਤ ਪੇਸ਼ ਕੀਤਾ ਹੈ ਕਿ ਪ੍ਰਿੰਸੀਪਲ ਸਾਹਿਬ ਦੀ ਸ਼ਖ਼ਸੀਅਤ ਦੀ ਖ਼ਾਸੀਅਤ ਇਹ ਹੈ ਕਿ ਉਹ ਕਿਸੇ ਵੀ ਸਾਹਿਤ ਵਿਧਾ ਤੇ ਚਰਚਾ ਕਰਦੇ ਹੋਣ ਉਹਨਾਂ ਦਾ ਵਿਚਾਰਧਾਰਕ ਪਰਿਪੇਖ ਹਮੇਸ਼ਾਂ ਮੱਧਕਾਲੀ ਚਿੰਤਨ ਵਿਸ਼ੇਸ਼ ਕਰਕੇ ਗੁਰਮਤਿ ਦੀ ਕਸਵੱਟੀ ਨੂੰ ਆਪਣੀ ਅੰਤਿਮ ਓਟ ਤੱਕਦਾ ਹੈ। ਸਮਾਗਮ ਦੇ ਮੁੱਖ ਮਹਿਮਾਨ ਸਤਿਕਾਰਤ ਹਸਤੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਨਵੀਂ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਸਾਹਿਬ ਵਧਾਈ ਦੇ ਪਾਤਰ ਹਨ ਜਿਹਨਾਂ ਮਨੁੱਖਤਾ ਨੂੰ ਸਮਰਪਿਤ ਹੋ ਕੇ ਇਹ ਸ਼ਬਦ ਸੱਭਿਆਚਾਰ ਦਾ ਕਾਰਜ ਕੀਤਾ ਹੈ। ਚੇਤਨਾ ਭਰਪੂਰ ਸ਼ਖ਼ਸੀਅਤਾਂ ਵਲੋਂ ਸਰਬੱਤ ਦੇ ਭਲੇ ਲਈ ਕੀਤਾ ਕੋਈ ਵੀ ਕਾਰਜ ਅਜਾਈਂ ਨਹੀਂ ਜਾਂਦਾ ਸਮਾਂ ਪੈਣ ਤੇ ਉਸ ਦਾ ਮੁੱਲ ਜ਼ਰੂਰ ਪੈਂਦਾ ਹੈ। ਵਾਤਾਵਰਣ ਦੀ ਚੰਗੇਰੀ ਸੰਭਾਲ ਤੇ ਗੁਰੂ ਨਾਨਕ ਸਾਹਿਬ ਦੇ ਕ੍ਰਾਂਤੀਕਾਰੀ ਸੰਦੇਸ਼," ਪਵਣੁ ਗੁਰੂ ਪਾਣੀ ਪਿਤਾ" ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਸਾਨੂੰ ਹਮੇਸ਼ਾਂ ਆਪਣੇ ਵਿਰਸੇ ਨੂੰ ਸੰਭਾਲਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਪੁਸਤਕ ਲੇਖਕ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਗਿਆਨ ਪਰਗਾਸੁ ਟਰੱਸਟ ਦੇ ਚੇਅਰਮੈਨ, ਪ੍ਰਧਾਨ ਤੇ ਹਾਜ਼ਰ ਪਤਵੰਤੇ ਸੱਜਣਾਂ ਨੂੰ ਸੰਬੋਧਨ ਹੁੰਦਿਆਂ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੀ ਖੁਸ਼ਨਸੀਬੀ ਹੈ ਕਿ ਮੈਡੀਕਲ ਸਾਇੰਸ ਦੀ ਇਹ ਪੁਸਤਕ ਇਕ ਚੈਰੀਟੇਬਲ ਹਸਪਤਾਲ ਵਿਖੇ ਰਿਲੀਜ਼ ਹੋ ਰਹੀ ਹੈ। ਉਹਨਾਂ ਆਪਣੀ ਪੁਸਤਕ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਸ. ਜਸਪਾਲ ਸਿੰਘ ਹੁਰਾਂ ਨੂੰ ਭੇਂਟ ਕੀਤੀ। ਉਪਰੋਕਤ ਤੋਂ ਇਲਾਵਾ ਸ. ਰਿਸ਼ਬਜੀਤ ਸਿੰਘ, ਪ੍ਰਿੰਸੀਪਲ ਜਸਵੰਤ ਸਿੰਘ,ਪ੍ਰੋ ਕੁਲਵੰਤ ਸਿੰਘ,ਸ.ਮੇਜਰ ਸਿੰਘ ਰਾਜਗੁਰੂ ਨਗਰ ਲੁਧਿਆਣਾ, ਡਾਕਟਰ ਗੁਰਲਾਲ ਸਿੰਘ, ਐਸ ਐਮ ਓ ਹਸਪਤਾਲ ਸੁਧਾਰ, ਸ. ਸੁਖਦੇਵ ਸਿੰਘ ਐਲ ਏ, ਯੂਨਾਈਟਿਡ ਸਿੱਖਸ ਆਦਾਰੇ ਦੇ ਅਹੁਦੇਦਾਰ,ਸਵਰਣ ਸਿੰਘ ਰਾਣਾ ਹੁਰਾਂ ਵੀ ਆਪਣੀ ਹਾਜ਼ਰੀ ਲਗਵਾਈ।