- ਸਕੂਲ ਦੇ ਸਰਵਪੱਖੀ ਵਿਕਾਸ ਲਈ ਸ. ਢਿੱਲਵਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਲਾਜਪਤ ਨਗਰ ਨੂੰ ਇੱਕ ਲੱਖ ਰੁਪਏ ਦਾ ਚੈਕ ਭੇਟ ਕੀਤਾ
ਕੋਟਕਪੂਰਾ 15 ਮਾਰਚ : ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਲਈ ਗਿਆਨ ਵੰਡਣਾ ਜਰੂਰੀ ਹੈ, ਗਿਆਨ ਦੀ ਸ਼ੁਰੂਆਤ ਪ੍ਰਾਇਮਰੀ ਸਕੂਲਾਂ ਤੋਂ ਹੁੰਦੀ ਹੈ ਅਰਥਾਤ ਪ੍ਰਾਇਮਰੀ ਸਕੂਲ ਚੰਗੇ ਸਮਾਜ ਦੀ ਸਿਰਜਣਾ ਲਈ ਜੜਾਂ ਦਾ ਰੋਲ ਨਿਭਾਉਂਦੇ ਹਨ, ਇਸ ਲਈ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਹਲਕੇ ਕੋਟਕਪੂਰਾ ਦੇ ਪ੍ਰਾਇਮਰੀ ਸਕੂਲਾਂ ਨੂੰ ਬਣਦਾ ਸਟਾਫ, ਸਮਾਨ ਅਤੇ ਹਰ ਤਰਾਂ ਦੀ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਹੈ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਾਜਪਤ ਨਗਰ ਕੋਟਕਪੂਰਾ ਦੀ ਮੁੱਖ ਅਧਿਆਪਕਾ ਨੀਰੂ ਬਾਲਾ ਸਮੇਤ ਸਮੁੱਚੇ ਸਟਾਫ ਨੂੰ ਸਪੀਕਰ ਸੰਧਵਾਂ ਦੇ ਅਖਤਿਆਰੀ ਕੋਟੇ ਵਿੱਚੋਂ ਇਕ ਲੱਖ ਰੁਪਏ ਦਾ ਚੈੱਕ ਭੇਂਟ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ.ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਅਤੇ ਹਰਦੀਪ ਸਿੰਘ ਗਿੱਲ ਨੇ ਆਖਿਆ ਕਿ ਸਕੂਲ ਦੇ ਪ੍ਰਬੰਧਕਾਂ ਵਲੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜੋ ਸਪੀਕਰ ਸੰਧਵਾਂ ਵਲੋਂ ਪੂਰੀ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪ੍ਰਬੰਧਕਾਂ ਨੇ ਉਕਤ ਸਕੂਲ ਦੀ ਇਮਾਰਤ ਰੇਲਵੇ ਦੇ ਅਧਿਕਾਰ ਖੇਤਰ ਵਿੱਚ ਬਣੀ ਹੋਣ ਦਾ ਕਹਿ ਕੇ ਜਗਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ, ਜੋ ਸਪੀਕਰ ਸੰਧਵਾਂ ਵਲੋਂ ਜਲਦ ਪੂਰੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸਪੀਕਰ ਸੰਧਵਾਂ ਵਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੇ ਮੈਰਿਟ ਸੂਚੀ ’ਚ ਆਏ ਬੱਚਿਆਂ ਨੂੰ 31-31 ਹਜਾਰ ਰੁਪਏ, ਜਪਾਨ ਦੌਰੇ ’ਤੇ ਗਏ ਬੱਚਿਆਂ ਨੂੰ 11-11 ਹਜਾਰ ਰੁਪਏ, ਸਕੂਲਾਂ-ਕਾਲਜਾਂ ਨੂੰ ਮੂੰਹੋਂ ਮੰਗੀ ਗ੍ਰਾਂਟ, ਗਤਕਾ ਮੁਕਾਬਲਿਆਂ ’ਚ ਸੋਨ ਤਗਮਾ ਜਿੱਤਣ ਵਾਲੇ ਬੱਚਿਆਂ ਨੂੰ 31-31 ਹਜਾਰ ਰੁਪਏ ਸਹਾਇਤਾ ਰਾਸ਼ੀ ਦੇਣ ਦੇ ਨਾਲ-ਨਾਲ ਬੱਚਿਆਂ ਨੂੰ ਵਿਧਾਨ ਸਭਾ ਦਾ ਦੌਰਾ ਕਰਵਾ ਕੇ ਉਹਨਾ ਦੇ ਗਿਆਨ ’ਚ ਵਾਧਾ ਕਰਨ ਦੀ ਕੌਸ਼ਿਸ਼ ਕੀਤੀ ਗਈ। ਇਸ ਮੌਕੇ ਮੈਡਮ ਪ੍ਰਭਜੋਤ ਕੌਰ, ਸੁਮਨ ਬਾਲਾ, ਮਨਜੀਤ ਕੌਰ, ਲਖਵਿੰਦਰ ਕੌਰ, ਆਰਤੀ ਰਾਣੀ, ਦੀਪਤੀ ਢੀਂਗੜਾ, ਲਖਵਿੰਦਰ ਸਿੰਘ ਹਰੀਨੌ, ਜਸਵੀਰ ਸਿੰਘ ਆਦਿ ਵੀ ਹਾਜਰ ਸਨ।