ਪਟਿਆਲਾ, 8 ਮਾਰਚ (ਯਸ਼ਨਪ੍ਰੀਤ ਸਿੰਘ ਢਿੱਲੋਂ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਸਾਰਥਕ ਰੰਗਮੰਚ ਪਟਿਆਲਾ ਦੇ ਸਹਿਯੋਗ ਨਾਲ ਆਪਣੇ ਮਹੀਨਾਵਾਰ ਪ੍ਰੋਗਰਾਮ 'ਮੰਗਲਕਾਮਨਾ' ਤਹਿਤ 'ਬਦਨਾਮ ਕੁੜੀ’ ਨਾਟਕ ਦੀ ਪੇਸ਼ਕਾਰੀ ਕਰਵਾਈ ਗਈ। ਨਾਟਕ ਦੀ ਪੇਸ਼ਕਾਰੀ ਤੋਂ ਪਹਿਲਾਂ ਡਾ. ਇੰਦਰਜੀਤ ਕੌਰ ਨੇ ਯੁਵਕ ਭਲਾਈ ਵਿਭਾਗ ਤੇ ਸਾਰਥਕ ਰੰਗਮੰਚ ਵੱਲੋਂ ਆਾਏ ਹੋਏ ਦਰਸ਼ਕਾਂ ਦਾ ਸਵਾਗਤ ਕੀਤਾ। ਪੰਕਜ ਸੋਨੀ ਦੇ ਲਿਖੇ ਹੋਏ ਇਸ ਹਿੰਦੀ ਨਾਟਕ ਦਾ ਰੂਪਾਂਤਰ ਤੇ ਨਿਰਦੇਸ਼ਨ ਰੰਗਮੰਚ ਤੇ ਫਿਲਮਾਂ ਦੇ ਸਥਾਪਤ ਕਲਾਕਾਰ ਡਾ. ਲੱਖਾ ਲਹਿਰੀ ਨੇ ਕੀਤਾ। ਨਾਟਕ ‘ਬਦਨਾਮ ਕੁੜੀ’ ਦੀ ਕਹਾਣੀ ਇੱਕ ਕੁੜੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਇੱਕ ਲੜਕੇ ਨਾਲ ਘਰੋਂ ਭੱਜ ਜਾਂਦੀ ਹੈ ਅਤੇ ਇਸ ਘਟਨਾ ਕਾਰਨ ਲੋਕ ਉਸ ਦੇ ਕਿਰਦਾਰ ਬਾਰੇ ਆਪਣੀ ਧਾਰਨਾ ਕਿਵੇਂ ਬਦਲਦੇ ਹਨ। ਇੱਕ ਅਧਖੜ ਉਮਰ ਦਾ ਆਦਮੀ ਜੋ ਕਿ ਲੜਕੀ ਦਾ ਅੰਕਲ ਹੈ, ਉਹ ਉਸਨੂੰ ਆਪਣੀ ਕਾਮ ਪੂਰਤੀ ਲਈ ਕਿਵੇਂ ਵਰਤਣਾ ਚਾਹੁੰਦਾ ਹੈ। ਮਨੁੱਖ ਦਾ ਮਨ ਤਿਤਲੀ ਵਰਗਾ ਹੈ, ਅਤੇ ਜੇ ਮਨੁੱਖ ਦਾ ਹੈ ਤਾਂ ਕਈ ਵਾਰ ਉਸ ਦੇ ਖੰਭ ਉਸ ਦੀ ਅੰਦਰੂਨੀ ਕਾਮਨਾ ਨਾਲ ਰੰਗੇ ਜਾਂਦੇ ਹਨ। ਉਹ ਰਿਸ਼ਤਿਆਂ ਨੂੰ ਕਿਸੇ ਵੀ ਤਰ੍ਹਾਂ ਦੋਸਤੀ ਦਾ ਨਾਮ ਦੇਣਾ ਚਾਹੁੰਦਾ ਸੀ, ਪਰ ਉਸਦੇ ਦਿਮਾਗ ਵਿੱਚ ਅਜੇ ਵੀ ਇੱਕ ਸ਼ੁਰੂਆਤੀ ਆਦਮੀ ਰਹਿੰਦਾ ਹੈ ਜੋ ਰਿਸ਼ਤਿਆਂ ਦੀ ਸ਼ੁੱਧਤਾ ਅਤੇ ਇਸ ਦੀਆਂ ਸੀਮਾਵਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ। ਉਹ ਆਦਮੀ ਉਸਦੀ ਲੜਕੀ ਦੀ ਚਰਿੱਤਰਹੀਣਤਾ ਵਿੱਚ ਦਿਲਚਸਪੀ ਰੱਖਦਾ ਹੈ ਤਾਂ ਜੋ ਉਸਨੂੰ ਇਸ ਸਭ ਤੋਂ ਕੁਝ ਲਾਭ ਮਿਲ ਸਕੇ। ਉਹ ਸੋਚਦਾ ਹੈ ਕਿ ਕੁੜੀ ਇੱਕ ਤਿਤਲੀ ਵਰਗੀ ਹੈ ਜੋ ਸਿਰਫ਼ ਇੱਕ ਫੁੱਲ ਨਹੀਂ ਵਰਤਦੀ ਸਗੋਂ ਵੱਖ-ਵੱਖ ਫੁੱਲਾਂ ਦੇ ਅੰਮ੍ਰਿਤ ਦਾ ਸੁਆਦ ਚੱਖਦੀ ਹੈ। ਇਸ ਵੱਡ-ਅਕਾਰੀ ਪੇਸ਼ਕਾਰੀ ਵਿੱਚ ਰੰਗਮੰਚ ਤੇ ਫਿਲਮਾਂ ਦੇ ਮੰਝੇ ਹੋਏ ਕਲਾਕਾਰਾਂ ਡਾ. ਲੱਖਾ ਲਹਿਰੀ, ਵਿਪੁੱਲ ਅਹੂਜਾ, ਰੇਨੂੰ ਕੰਬੋਜ ਤੋਂ ਇਲਾਵਾ ਟਾਪੁਰ ਸ਼ਰਮਾਂ ਤੇ ਸਿਮਰ ਨੇ ਆਪਣੇ ਕਿਰਦਾਰਾਂ ਨੂੰ ਐਨੇ ਸਹਿਜ ਤਰੀਕੇ ਨਾਲ ਨਿਭਾਇਆ ਕਿ ਦਰਸ਼ਕਾਂ ਨੂੰ ਭੁਲਾ ਹੀ ਦਿੱਤਾ ਕਿ ਉਹ ਕੋਈ ਨਾਟਕ ਦੇਖ ਰਹੇ ਹਨ। ਹੱਸਦੇ-ਹੱਸਦੇ ਕਦੋਂ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਪਤਾ ਹੀ ਨਹੀਂ ਲੱਗਿਆ। ਇਹ ਇੱਕ ਮਨੋਵਿਗਿਆਨਿਕ ਨਾਟਕ ਸੀ। ਇਸ ਨੂੰ ਪੇਸ਼ ਕਰਨ ਲਈ ਕਈ ਰੰਗਮੰਚੀ ਜੁਗਤਾਂ ਈਜਾਦ ਕੀਤੀਆਂ ਗਈਆਂ। ਖਾਸ ਕਰਕੇ ਪੂਰਾ ਸੀਨ ਦਿਖਾ ਕੇ ਪੂਰੇ ਸੀਨ ਨੂੰ ਰੀਵਾਈਂਡ (ਬੈਕ) ਕਰਨਾ। ਇਹ ਸੀਨ ਨੇ ਲੋਕਾਂ ਨੂੰ ਅਚੰਭਿਤ ਕਰ ਦਿੱਤਾ। ਪਰਦੇ ਪਿੱਛੇ ਹੋਰ ਕਲਾਕਾਰਾਂ ਵਿੱਚ ਲਵਪ੍ਰੀਤ (ਰੌਸ਼ਨੀ), ਫਤਹਿ ਸੋਹੀ (ਮਿਊਜਿਕ) ਜੋ ਨਾਟਕ ਨੂੰ ਸਿਖਰ ਤੱਕ ਪਹੁੰਚਾਉਣ ਵਿੱਚ ਸਹਾਈ ਹੋਇਆ। ਦਰਸ਼ਕਾਂ ਨੇ ਇਸ ਪੇਸ਼ਕਾਰੀ ਨੂੰ ਭਰਪੂਰ ਹੁੰਗਾਰਾ ਦਿੱਤਾ ਤੇ ਖੜੇ ਹੋਕੇ ਕਲਾਕਾਰਾਂ ਦੀ ਹੌਸਲਾ ਅਫਜਾਈ ਕੀਤੀ। ਅੰਤ ਵਿੱਚ ਡਾ. ਗਗਨ ਦੀਪ ਥਾਪਾ ਨੇ ਨਾਟਕ ਦੀ ਪ੍ਰਸੰਸਾ ਕਰਦੇ ਕਿਹਾ ਕਿ ਅਜਿਹੇ ਉਲਝੇ ਤੇ ਬੇਬਾਕ ਵਿਸ਼ਿਆਂ ਨੂੰ ਸੂਖ਼ਮਤਾ ਨਾਲ ਮੰਚ ‘ਤੇ ਪੇਸ਼ ਕਰਨਾ ਜੋਖ਼ਮ ਦਾ ਕੰਮ ਹੈ। ਪਰ ਡਾ. ਲਹਿਰੀ ਨੇ ਇਹ ਕੰਮ ਬਾਖੂਬੀ ਕਰ ਵਿਖਾਇਆ। ਡਾ. ਸਤੀਸ਼ ਕੁਮਾਰ ਵਰਮਾ ਨੇ ਅਜਿਹੇ ਵਿਸ਼ਿਆਂ ਨੂੰ ਮੰਚ ‘ਤੇ ਪੇਸ਼ ਕਰਨ ਲਈ ਵਧਾਈ ਦਿੱਤੀ ਤੇ ਰੰਗਮੰਚ ਲਈ ਸ਼ੁਭ ਸੰਕੇਤ ਕਿਹਾ। ਮੰਚ ਸੰਚਾਲਨ ਦੀ ਜਿ਼ੰਮੇਵਾਰੀ ਡਾ਼ ਇੰਦਰਜੀਤ ਕੌਰ ਨੇ ਨਿਭਾਈ।