- ਜ਼ਿਲ੍ਹੇ ‘ਚ ਸਵੈਨਿਧੀ ਯੋਜਨਾ ਤਹਿਤ 2003 ਗਲੀ ਵਿਕ੍ਰੇਤਾਵਾਂ ਨੂੰ 02 ਕਰੋੜ 30 ਹਜਾਰ ਰੁਪਏ ਦੀ ਵਰਕਿੰਗ ਕੈਪੀਟਲ ਕਰਜ਼ੇ ਦੇ ਤੌਰ ਤੇ ਵੱਖ ਵੱਖ ਬੈਂਕਾਂ ਵਲੋਂ ਮੁਹੱਈਆਂ ਕਰਵਾਈ ਜਾਵੇਗੀ
- ਜ਼ਿਲ੍ਹੇ ਦੇ ਸਮੂਹ ਬੈਂਕਾਂ ਅਧਿਕਾਰੀਆਂ ਨੂੰ ਹਦਾਇਤ ਕਿ ਸਵੈਨਿਧੀ ਯੋਜਨਾ ਤਹਿਤ ਮਨਜੂਰ ਕੇਸ ਦਾ ਬਿਨਾ ਕਿਸੇ ਦੇਰੀ ਤੋਂ ਜਲਦ ਤੋਂ ਜਲਦ ਕੀਤਾ ਜਾਵੇ ਨਿਪਟਾਰਾ
ਮਾਲੇਰਕੋਟਲਾ 12 ਸਤੰਬਰ : ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਗਲੀ (ਸਟਰੀਟ) ਵਿਕ੍ਰੇਤਾਵਾਂ ਨੂੰ ਆਤਮ ਨਿਰਭਰ ਕਰਨ ਲਈ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾਂ ਤਹਿਤ ਗਰੀਬ ਤੇ ਜਰੂਰਤਮੰਦ ਲੋਕਾਂ ਨੂੰ ਪੈਰ੍ਹਾਂ ਤੇ ਖੜ੍ਹਾ ਕਰਨ ਲਈ ਉਨ੍ਹਾਂ ਦੀ ਆਰਥਿਕਤਾ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣਾ ਕੰਮ ਮੁੜ ਸ਼ੁਰੂ ਕਰ ਸਕਣ ਅਤੇ ਆਪਣੇ ਆਪ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਕਰ ਸਕਣ । ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਟਰੀਟ ਵਿਕ੍ਰੇਤਾਵਾਂ ਨੂੰ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਤਹਿਤ ਆਪਣਾ ਕੰਮਕਾਰ ਮੁੜ ਸ਼ੁਰੂ ਕਰਨ ਲਈ 10 ਹਜ਼ਾਰ ਰੁਪਏ ਵਰਕਿੰਗ ਪੂੰਜੀ ਕਰਜ਼ਾ ਸਕੀਮ ਉਲੀਕੀ ਗਈ ਜਿਸ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਕਰੀਬ 2003 ਗਲੀ ਵਿਕ੍ਰੇਤਾਵਾਂ ਨੂੰ 02 ਕਰੋੜ 30 ਹਜਾਰ ਰੁਪਏ ਦੀ ਵਰਕਿੰਗ ਕੈਪੀਟਲ ਕਰਜ਼ੇ ਵਜੋਂ ਵੱਖ ਵੱਖ ਬੈਂਕਾਂ ਵਲੋਂ ਮੁਹੱਈਆ ਕਰਵਾਈ ਜਾ ਰਹੀ ਹੈ । ਹੁਣ ਤੱਕ ਜ਼ਿਲ੍ਹੇ ਦੇ 931 ਗਲੀ ਵਿਕ੍ਰੇਤਾਵਾਂ ਨੂੰ ਕਰੀਬ 01 ਕਰੋੜ 66 ਲੱਖ 40 ਹਜਾਰ ਰੁਪਏ ਦੀ ਵਿੱਤੀ ਰਾਸ਼ੀ ਬਤੌਰ ਵਰਕਿੰਗ ਕੈਪੀਲ ਜਾਰੀ ਕੀਤੀ ਜਾ ਚੁੱਕੀ ਹੈ ।ਉਨ੍ਹਾਂ ਹੋਰ ਦੱਸਿਆ ਕਿ ਸਟਰੀਟ ਵਿਕ੍ਰੇਤਾਵਾਂ ਦੀ ਸਹੂਲਤ ਲਈ ਪਹਿਲੇ ਪੜਾਅ ਅਧੀਨ ਮਾਲੇਰਕੋਟਲਾ ਦੇ ਸਮੂਹ ਬੈਂਕਾਂ ਵਿੱਚ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ । ਉਨ੍ਹਾਂ ਹੋਰ ਦੱਸਿਆ ਕਿ ਹੁਣ ਤੱਕ ਮਾਲੇਰਕੋਟਲਾ ਵਿਖੇ ਕਰੀਬ 780 ਗਲੀ ਵਿਕ੍ਰੇਤਾਵਾਂ ਨੂੰ ਕਰੀਬ 78 ਲੱਖ ,ਅਹਿਮਦਗੜ੍ਹ ਵਿਖੇ ਕਰੀਬ 357 ਗਲੀ ਵਿਕ੍ਰੇਤਾਵਾਂ ਨੂੰ 35 ਲੱਖ 70 ਹਜਾਰ ਰੁਪਏ ਅਤੇ ਅਮਰਗੜ੍ਹ ਵਿਖੇ ਕਰੀਬ 79 ਗਲੀ ਵਿਕ੍ਰੇਤਾਵਾਂ ਨੂੰ 07 ਲੱਖ 90 ਹਜਾਰ ਰੁਪਏ ਵਰਕਿੰਗ ਪੂੰਜੀ ਕਰਜੇ ਦੀ ਰਾਸ਼ੀ ਮਨਜੂਰ ਕੀਤੀ ਗਈ ਹੈ ਜਿਨ੍ਹਾਂ ਨੂੰ ਬੈਂਕਿੰਗ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਰਾਸ਼ੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ । ਉਨ੍ਹਾਂ ਹੋਰ ਦੱਸਿਆ ਕਿ ਜੋ ਇਸ ਸਕੀਮ ਦਾ ਲਾਭਪਾਤਰੀ 10 ਹਜ਼ਾਰ ਦਾ ਕਰਜ਼ਾ ਬੈਂਕਾਂ ਨੂੰ ਸਮੇਂ ਸਿਰ ਵਾਪਸ ਕਰਦਾ ਹੈ ਉਹ 20 ਹਜ਼ਾਰ ਰੁਪਏ ਅਤੇ 20 ਹਜਾਰ ਰੁਪਏ ਵਾਪਸੀ ਤੇ 50 ਹਜਾਰ ਤੱਕ ਦਾ ਕਰਜ਼ਾ ਬਿਨਾ ਕਿਸੇ ਗਰੰਟੀ ਤੋਂ ਲੈਣ ਦੇ ਯੋਗ ਹੋਵੇਗਾ । ਉਨ੍ਹਾਂ ਗਲੀ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਰਥਿਕ ਪੱਧਰ ਨੂੰ ਉੱਚਾ ਕਰਨ ਅਤੇ ਆਤਮ ਨਿਰਭਰ ਹੋਣ ਲਈ ਇਸ ਸਕੀਮ ਦਾ ਲਾਭ ਲੈਣ ।ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾਂ ਤਹਿਤ ਕੇਸਾ ਦੇ ਨਿਪਟਾਰੇ ਨੂੰ ਜਲਦ ਤੋਂ ਜਲਦ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲਾਭਪਾਤਰੀ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ । ਵਧੇਰੇ ਜਾਣਕਾਰੀ ਲਈ ਸਿਟੀ ਮਿਸ਼ਨ ਮੈਨੇਜਰ ਜਾਂ ਦਫ਼ਤਰ ਨਗਰ ਕੌਂਸਲ /ਨਗਰ ਪੰਚਾਇਤ ਵਿਖੇ ਸੰਪਰਕ ਕਰਨ । ਸਿਟੀ ਮਿਸ਼ਨ ਮੈਂਨੇਜਰ ਸ੍ਰੀ ਅਵੀਨਾਸ਼ ਸਿੰਗਲਾ ਅਤੇ ਸ੍ਰੀ ਯਸ਼ਪਾਲ ਸਰਮਾ ਨੇ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਗਲੀ ਵਿਕ੍ਰੇਤਾਵਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਕਰਕੇ ਨਿਯਮਤ ਅਦਾਇਗੀਆਂ ਲਈ ਉਤਸ਼ਾਹਿਤ ਕਰਨਾ ਅਤੇ ਡਿਜੀਟਲ ਲੈਣ ਦੇਣ ਨੂੰ ਪ੍ਰੇਰਿਤ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਉਹ ਗਲੀ ਵਿਕ੍ਰੇਤਾਂ ਲੈ ਸਕਦਾ ਹੈ ਜੋ ਅਰਬਨ ਲੋਕਲ ਬਾਡੀਜ਼ ਨਾਲ ਪੰਜੀਕ੍ਰਿਤ ਹੋਵੇ ਅਤੇ ਕਰਜ਼ਾ ਲੈਣ ਵਾਲੇ ਦਾ ਬੈਂਕ ਵਿੱਚ ਬੱਚਤ ਖਾਤਾ/ਕਰੰਟ ਖਾਤਾ ਹੋਣਾ ਚਾਹੀਦਾ ਹੈ। ਜਿਸ ਵਿੱਚ ਕਰਜ਼ੇ ਦੀ ਰਕਮ ਵੰਡਣ, ਉਗਰਾਹੀ ਦੀ ਸਹੂਲਤ, ਡਿਜੀਟਲ ਪ੍ਰੋਤਸਾਹਨ ਆਦਿ ਪ੍ਰਾਪਤ ਕਰਨ ਦਾ ਮੰਤਵ ਪੂਰਾ ਹੁੰਦਾ ਹੋਵੇ