ਮੁੱਲਾਂਪੁਰ ਦਾਖਾ, 8 ਸਤੰਬਰ (ਸਤਵਿੰਦਰ ਸਿੰਘ ਗਿੱਲ) : (ਵਾਹਗਾ ਬੋਰਡਰ ਤੋਂ ਲਾਈਵ ਦਿਖਾਇਆ ਗਿਆ ਗੀਤ “ਚਾਨਣ ਭਰ ਦਿਆਂਗੇ”) ਪੁਨਰਜੋਤ ਆਈ ਬੈਂਕ ਲੁਧਿਆਣਾ ਵੱਲੋਂ ਡਾ. ਰਮੇਸ਼ ਸੁਪਰਸਪੈਸ਼ਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਵਿਖੇ 38ਵੇਂ ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦੜਵਾੜੇ ਦੀ ਸ਼ੁਰੂਆਤ 25 ਅਗਸਤ 2023 ਨੂੰ ਕੀਤੀ ਗਈ ਜੋ ਕਿ 08 ਸਤੰਬਰ 2023 ਤੱਕ ਜਾਰੀ ਰਹੀ। ਸਕੂਲਾਂ ਅਤੇ ਕਾਲਜਾਂ ਵਿੱਚ ਪੁਨਰਜੋਤ ਵਲੋਂ ਵਿਦਿਆਰਥੀਆਂ ਨੂੰ ਅੱਖਾਂ ਦਾਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਅੱਗੇ ਸਮਾਜ ਅਤੇ ਪਰਿਵਾਰ ਵਿੱਚ ਤੇ ਹੋਰ ਇਨਸਾਨਾਂ ਨੂੰ ਇਹ ਜਾਣਕਾਰੀ ਦੇਣ ਕਿ ਅੱਖਾਂ ਮਰਨ ਤੋਂ ਬਾਅਦ 6 ਘੰਟੇ ਦੇ ਵਿੱਚ ਵਿੱਚ ਦਾਨ ਕਰਵਾਈਆਂ ਜਾ ਸਕਦੀਆਂ ਹਨ। ਅੱਜ ਵੀ ਭਾਰਤ ਵਿੱਚ ਮਰਨ ਤੋਂ ਬਾਅਦ ਇਕ ਕਰੋੜ ਜੀਉਂਦੀ ਪਈ ਅੱਖ ਸਾੜ ਕੇ ਸਵਾਹ ਕੀਤੀ ਜਾਂਦੀ ਹੈ। ਜਦੋਂ ਕਿ 11 ਲੱਖ ਦੇ ਕਰੀਬ ਪੁਤਲੀਆਂ ਦੀ ਬਿਮਾਰੀ ਦਾ ਸ਼ਿਕਾਰ ਨੇਤਰਹੀਣ ਲੋਕ ਹਰ ਵੇਲੇ ਇਸ ਉਡੀਕ ਵਿੱਚ ਰਹਿੰਦੇ ਹਨ ਕਿ ਕੋਈ ਪਰਿਵਾਰ ਆਪਣੇ ਸਦੀਵੀਂ ਵਿਛੋੜਾ ਦੇ ਚੁੱਕੇ ਰਿਸ਼ਤੇਦਾਰ ਦੀਆਂ ਸਲਾਮਤ ਪਈਆਂ ਅੱਖਾਂ ਉਹਨਾਂ ਨੂੰ ਦਾਨ ਵਿੱਚ ਦੇ ਕੇ ਇਸ ਦੁਨੀਆਂ ਨੂੰ ਦੇਖਣ ਯੋਗ ਕਰੇਗਾ। ਸਾਡੀਆਂ ਅੱਖਾਂ ਮਰ ਕੇ ਵੀ ਜਿੰਦਾ ਰਹਿ ਸਕਦੀਆਂ ਹਨ ਅਤੇ ਦੋ ਨੇਤਰਹੀਣਾਂ ਨੂੰ ਰੋਸ਼ਨੀ ਦੇ ਸਕਦੀਆਂ ਹਨ। ਅੱਜ ਪੁਨਰਜੋਤ ਆਈ ਬੈਂਕ ਸੁਸਾਇਟੀ (ਰਜਿ.) ਲੁਧਿਆਣਾ ਅਤੇ ਅੰਮ੍ਰਿਤਸਰ ਦੀ ਟੀਮ ਵਲੋਂ ਹਰਮੰਦਿਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ 38ਵੇਂ ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦੜਵਾੜ੍ਹੇ ਨੂੰ ਸਮੱਰਪਿਤ ਇਕ ਸੈਮੀਨਾਰ ਆਯੋਜਿਤ ਗਿਆ, ਜਿਸ ਵਿਚ ਅੱਖਾਂ ਦਾਨ ਅਤੇ ਅੰਗਦਾਨ ਦੀ ਮਹੱਤਤਾ ਨੂੰ ਦਰਸਾਂਉਦਾ ਇੱਕ ਸੱਭਿਆਚਾਰਕ ਗੀਤ “ਚਾਨਣ ਭਰ ਦਿਆਂਗੇ” ਦਾ ਪੋਸਟਰ ਰਿਲੀਜ਼ ਕੀਤਾ ਗਿਆ। “ਚਾਨਣ ਭਰ ਦਿਆਂਗੇ” ਗੀਤ ਦਾ ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਬੀ.ਐਸ.ਐਫ. ਦੇ ਸਹਿਯੋਗ ਨਾਲ ਰੀਟਰੀਟ ਸੈਰਾਮਨੀ ਤੋਂ ਪਹਿਲਾਂ ਵਾਹਗਾ ਬੋਰਡਰ ਤੋਂ ਹਜ਼ਾਰਾਂ ਹੀ ਲੋਕਾ ਦੀ ਹਾਜ਼ਰੀ ਵਿਚ ਗੀਤ “ਚਾਨਣ ਭਰ ਦਿਆਂਗੇ” ਲਾਈਵ ਦਿਖਾਇਆ ਗਿਆ । ਰੀਟਰੀਟ ਸੈਰਾਮਨੀ ਵਿਚ ਸਾਮਿਲ ਹੋਏ ਲੋਕਾ ਨੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਅਤੇ ਅੱਖਾਂ ਦਾਨ ਅਤੇ ਅੰਗਦਾਨ ਮੁਹਿੰਮ ਦਾ ਹਿੱਸਾ ਬਣਨ ਦਾ ਉਤਸਾਹ ਦਿਖਾਇਆ। ਦੋਗਾਣਾ ਜੋੜੀ ਵਲੋਂ ਇਸ ਡਿਊਟ ਸੌਂਗ ਵਿਚ ਲੋਕਾਂ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਅੱਖਾਂਦਾਨ ਅਤੇ ਅੰਗਦਾਨ ਬਾਰੇ ਪ੍ਰੇਰਿਤ ਕੀਤਾ ਗਿਆ ਹੈ ਸੋ ਸਰੋਤਿਆਂ ਨੂੰ ਅਪੀਲ ਕੀਤੀ ਗਈ ਕਿ ਇਸ ਗਾਣੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਆਮ ਜਨਤਾ ਨੂੰ ਵੀ ਇਸ ਗਾਣੇ ਦੇ ਮਾਧਿਅਮ ਰਾਹੀਂ ਅੱਖਾਂ ਦਾਨ ਅਤੇ ਅੰਗਦਾਨ ਸੰਬੰਧੀ ਪ੍ਰੇਰਿਤ ਕੀਤਾ ਜਾ ਸਕੇ। ਡਾ. ਰਮੇਸ਼, ਐਮ.ਡੀ. (ਅੱਖਾਂ ਦੇ ਮਾਹਿਰ), ਡਾ. ਆਕਰਸ਼ਨ ਮਹਿਤਾ ਐਮ.ਐਸ (ਅੱਖਾਂ ਦੇ ਮਾਹਿਰ) ਅਤੇ ਸ੍ਰੀ ਸੁਭਾਸ਼ ਮਲਿਕ, ਆਨਰੇਰੀ ਸਕੱਤਰ, ਪੁਨਰਜੋਤ ਆਈ ਬੈਂਕ ਲੁਧਿਆਣਾ ਨੇ ਮੀਡੀਆ, ਸਰਕਾਰ, ਡਾਕਟਰਜ਼, ਪੈਰਾ-ਮੈਡੀਕਲ ਸਟਾਫ, ਧਾਰਮਿਕ ਆਗੂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਦੇਸ਼ ਵਿਚੋਂ ਅੰਨਾਪਣ ਦੂਰ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇ।ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਮੰਦਿਰ ਸਾਹਿਬ, ਬੋਰਡਰ ਸਕਿਉਰਟੀ ਫੋਰਸ (ਬੀ.ਐਸ.ਐਫ.) ਅਤੇ ਆਈ ਡੋਨੇਸ਼ਨ ਸੋਸਾਇਟੀ ਅੰਮ੍ਰਿਤਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿੰਨਾ ਇਸ ਪੂਰੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਮਦਦ ਕੀਤੀ।