- ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਤਹਿਤ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 4 ਲੱਖ 43 ਹਜ਼ਾਰ 195 ਵੋਟਰ
- ਵੱਧ ਤੋਂ ਵੱਧ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਲਗਾਏ ਜਾਣਗੇ ਵਿਸ਼ੇਸ ਕੈਂਪ
- ਸਿਆਸੀ ਪਾਰਟੀਆਂ ਦੇ ਨੁਮਾਇੰਦੇ ਆਪੋ ਆਪਣੇ ਬੂਥ ਲੈਵਲ ਏਜੰਟ ਕਰਨ ਨਿਯੁਕਤ
- ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਫ਼ਤਹਿਗੜ੍ਹ ਸਾਹਿਬ, 28 ਅਕਤੂਬਰ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਕਰਵਾਈ ਜਾ ਰਹੀ ਸਰਸਰੀ ਸੁਧਾਈ ਦੌਰਾਨ 18-19 ਸਾਲ ਦੇ ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਪੂਰਨ ਸਹਿਯੋਗ ਦੇਣ ਤਾਂ ਜੋ ਜ਼ਿਲ੍ਹੇ ਦੇ 100 ਫੀਸਦੀ ਯੋਗ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਜਾ ਸਕਣ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ ਤੋਂ ਬਾਅਦ ਹੁਣ ਜ਼ਿਲ੍ਹੇ ਵਿੱਚ 4 ਲੱਖ 43 ਹਜ਼ਾਰ 195 ਵੋਟਰ ਹਨ ਜਿਨ੍ਹਾਂ ਵਿੱਚ 233820 ਮਰਦ ਵੋਟਰ, 209365 ਮਹਿਲਾ ਵੋਟਰ ਅਤੇ 10 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਮਿਤੀ 01-01-2024 ਦੀ ਯੋਗਤਾ ਮਿਤੀ ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਸਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਜੋ ਕਿ 9 ਦਸੰਬਰ ਤੱਕ ਜਾਰੀ ਰਹੇਗਾ। ਜ਼ਿਲ੍ਹਾ ਚੋਣ ਅਫਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ9 ਆਪਣੇ ਚੋਣ ਹਲਕੇ ਦੇ ਪੋਲਿੰਗ ਬੂਥ ਤੇ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਦੌਰਾਨ ਕੋਈ ਵੀ ਸਿਆਸੀ ਪਾਰਟੀ, ਬੂਥ ਲੈਵਲ ਏਜੰਟ ਆਪਣੇ ਬੂਥ ਲੈਵਲ ਅਫਸਰ ਕੋਲ ਗਲਤ ਦਾਅਵਾ ਜਾਂ ਇਤਰਾਜ ਪੇਸ਼ ਨਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਹਾਸਲ ਕਰਨ ਵਾਸਤੇ ਚੋਣ ਕਮਿਸ਼ਨ ਦੇ ਟੋਲ ਫਰੀ ਨੰਬਰ 1950 ਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਸਬੰਧੀ 9 ਦਸੰਬਰ ਤੱਕ ਦਾਅਵੇ ਤੇ ਇਤਰਾਜ ਪੇਸ਼ ਕੀਤੇ ਜਾ ਸਕਦੇ ਹਨ ਜਿਨ੍ਹਾਂ ਦਾ ਨਿਪਟਾਰਾ 26 ਦਸੰਬਰ ਨੁੰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 05 ਜਨਵਰੀ,2024 ਨੂੰ ਫੋਟੋ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਸਰਸਰੀ ਸੁਧਾਈ ਦੌਰਾਨ ਵੱਧ ਤੋਂ ਵੱਧ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਨਵੰਬਰ ਤੇ 4 ਤੇ 5 ਅਤੇ ਦਸੰਬਰ 2 ਤੇ 3 ਵਾਲੇ ਦਿਨ ਜ਼ਿਲ੍ਹੇ ਦੇ ਸਮੂਹ 544 ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾਣਗੇ ਇਨ੍ਹਾਂ ਕੈਂਪਾਂ ਵਿੱਚ ਸਮੂਹ ਬੀ.ਐਲ.ਓਜ਼ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਪੋਲਿੰਗ ਸਟੇਸ਼ਨਾਂ ਤੇ ਰਹਿਣਗੇ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਦਾਅਵੇ ਤੇ ਇਤਰਾਜਾਂ ਸਬੰਧੀ ਫਾਰਮ ਹਰ ਪੱਖੋਂ ਮੁਕੰਮਲ ਭਰ ਕੇ ਹੀ ਜਮ੍ਹਾਂ ਕਰਵਾਏ ਜਾਣ ਅਤੇ ਫਾਰਮ ਭਰਨ ਤੋਂ ਪਹਿਲਾਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸੁਧਾਈ ਦੌਰਾਨ ਬੂਥ ਲੈਵਲ ਅਫਸਰਾਂ ਨੂੰ ਦਾਅਵੇ ਤੇ ਇਤਰਾਜਾਂ ਦੇ ਬੰਡਲ ਨਾ ਦਿੱਤੇ ਜਾਣ। ਉਨ੍ਹਾਂ ਸਪਸ਼ਟ ਕੀਤਾ ਕਿ ਸੁਧਾਈ ਸਮੇਂ ਬੂਥ ਲੈਵਲ ਅਫਸਰਾਂ ਨੁੰ ਇੱਕੋ ਸਮੇਂ 10 ਫਾਰਮ ਅਤੇ ਪੂਰੀ ਸੁਧਾਈ ਦੌਰਾਨ 30 ਫਾਰਮ ਹੀ ਜਮ੍ਹਾਂ ਕਰਵਾਏ ਜਾ ਸਕਦੇ ਹਨ। ਜ਼ਿਲ੍ਹਾ ਚੋਣ ਅਫਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਸਾਲ ਵਿੱਚ ਤਿੰਨ ਮਿਤੀਆਂ ਜਿਵੇਂ ਕਿ 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਦਾ ਐਲਾਨ ਕੀਤਾ ਗਿਆ ਹੈ ਇਨ੍ਹਾਂ ਮਿਤੀਆਂ ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਵਾਲੇ ਨੌਜਵਾਨ ਵੋਟ ਬਣਾਉਣ ਲਈ ਆਪਣਾ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਨਵੀਂ ਰਜਿਸਟਰੇਸ਼ਨ ਕਰਵਾਉਣ ਲਈ ਫਾਰਮ ਨੰ: 6, ਪ੍ਰਵਾਸੀ ਭਾਰਤੀ ਦੀ ਵੋਟ ਬਣਾਉਣ ਲਈ ਫਾਰਮ ਨੰ: 6-ਏ, ਵੋਟਰ ਸੂਚੀ ਵਿੱਚ ਦਰਜ਼ ਨਾਮ ਤੇ ਇਤਰਾਜ ਹੋਣ ਜਾਂ ਕੋਈ ਨਾਮ ਕਟਵਾਉਣ ਲਈ ਫਾਰਮ ਨੰ: 7, ਕਿਸੇ ਵੀ ਤਰ੍ਹਾਂ ਦੀ ਸੋਧ ਕਰਵਾਉਣ, ਪਤਾ ਬਦਲਵਾਉਣ ਫਾਰਮ ਨੰ: 8 ਭਰਿਆ ਜਾ ਸਕਦਾ ਹੈ। ਮੀਟਿੰਗ ਵਿੱਚ ਚੋਣ ਤਹਿਸੀਲਦਾਰ ਸ਼੍ਰੀਮਤੀ ਨਿਰਮਲਾ ਰਾਣੀ, ਆਮ ਆਦਮੀ ਪਾਰਟੀ ਦੇ ਸਿਮਰਜੀਤ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਅਸ਼ੋਕ ਗੌਤਮ, ਸ਼੍ਰੋਮਣੀ ਅਕਾਲੀ ਦਲ (ਬ) ਦੇ ਅਮਿਤ ਕੁਮਾਰ ਝਾਂਜੀ, ਬਹੁਜਨ ਸਮਾਜ ਪਾਰਟੀ ਦੇ ਮੋਹਣ ਸਿੰਘ ਭੱਟਮਾਜਰਾ, ਬਲਦੇਵ ਸਿੰਘ ਭੱਟ ਮਾਜਰਾ, ਬਲਜਿੰਦਰ ਸਿੰਘ ਖਾਨਪੁਰ, ਚੋਣ ਕਾਨੁੰਗੋ ਸ਼੍ਰੀ ਰਾਜਪਾਲ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ, ਸਾਹਿਲ ਜੋਹਲ ਅਤੇ ਸਨਪ੍ਰੀਤ ਸਿੰਘ ਵੀ ਹਾਜਰ ਸਨ।