- ਡੀ.ਸੀ. ਵਿਨੀਤ ਕੁਮਾਰ ਨੇ ਸੁਤੰਤਰਤਾ ਦਿਵਸ ਦੀਆਂ ਡਿਊਟੀਆਂ ਪੂਰੀਆਂ ਤਨਦੇਹੀ ਨਾਲ ਨਿਭਾਉਣ ਦੇ ਕੀਤੇ ਹੁਕਮ ਜਾਰੀ
ਫਰੀਦਕੋਟ 9 ਅਗਸਤ 2024 : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਸਮੂਹ ਵਿਭਾਗਾਂ ਦੇ ਮੁੱਖੀਆਂ ਨਾਲ ਸੁਤੰਤਰਤਾ ਦਿਵਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਪੁਲਿਸ ਵਿਭਾਗ ਨੂੰ ਖਾਸ ਤੌਰ ਤੇ ਸੁਚੇਤ ਹੋ ਕੇ ਬਿਨਾਂ ਕਿਸੇ ਅਣਗਹਿਲੀ ਦੇ ਡਿਊਟੀਆਂ ਨਿਭਾਉਣ ਦੇ ਹੁਕਮ ਜਾਰੀ ਕੀਤੇ। ਸਿਵਲ ਪ੍ਰਸ਼ਾਸ਼ਨ ਦੇ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੁਤੰਤਰਤਾ ਦਿਵਸ ਨਹਿਰੂ ਸਟੇਡੀਅਮ ਵਿਖੇ ਪੂਰੀ ਧੂਮ ਧਾਮ ਅਤੇ ਸ਼ਾਨ ਨਾਲ ਮਨਾਇਆ ਜਾਵੇਗਾ। ਪਿਛਲੀ ਵਾਰ ਦੇ ਹੋਏ ਸਮਾਰੋਹ ਦੌਰਾਨ ਪਾਰਕਿੰਗ, ਰਿਫਰੈਸ਼ਮੈਟ, ਪ੍ਰੈਸ ਗੈਲਰੀ ਅਤੇ ਮੁੱਖ ਮਹਿਮਾਨ ਵੱਲੋਂ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰਨ ਮੌਕੇ ਹੋਈਆਂ ਊਣਤਾਈਆਂ ਨੂੰ ਦੂਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਡਿਪਟ ਕਮਿਸ਼ਨਰ ਨੇ ਕਿਹਾ ਕਿ ਗਣਤੰਤਰਾ ਦਿਵਸ ਅਤੇ ਸੁਤੰਤਰਤਾ ਦਿਵਸ ਦੋ ਰਾਸ਼ਟਰੀ ਪਰਵ ਪੂਰੇ ਭਾਰਤ ਵਿੱਚ ਮਨਾਏ ਜਾਂਦੇ ਹਨ, ਜਿਸ ਲਈ ਆਪਾਂ ਸਾਰਿਆਂ ਨੂੰ ਰਲ ਕੇ ਪੂਰੇ ਤਨ-ਮਨ ਨਾਲ ਸਹੀ ਤਰੀਕੇ ਨਾਲ ਡਿਊਟੀਆਂ ਨਿਭਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਸ ਵਾਰ ਸੁਤੰਤਰਤਾ ਦਿਵਸ ਦੇ ਪਰਵ ਵਿੱਚ ਸ਼ਮੂਲੀਅਤ ਕਰਨ। ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਵਿੱਚ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਮੁੱਖ ਚੌਂਕ ਅਤੇ ਨਹਿਰੂ ਸਟੇਡੀਅਮ ਨੂੰ ਜਾਂਦੇ ਰਸਤਿਆਂ ਦੀ ਸਜਾਵਟ ਵਿੱਚ ਕੋਈ ਕਮੀ ਨਾ ਛੱਡੀ ਜਾਵੇ। ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਉਨ੍ਹਾਂ ਕਿਹਾ ਕਿ ਪ੍ਰੋਗਰਾਮ ਤੋਂ ਪਹਿਲਾਂ ਜਾ ਬਾਅਦ ਵਿੱਚ ਨਹਿਰੂ ਸਟੇਡੀਅਮ ਤੋਂ ਬਾਹਰ ਸੜਕ ਤੇ ਟਰੈਫਿਕ ਦਾ ਸੁਚਾਰੂ ਢੰਗ ਨਾਲ ਚਲਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬਾਰਿਸ਼ ਦੇ ਮੱਦੇਨਜ਼ਰ ਪ੍ਰੋਗਰਾਮ ਦਾ ਸਥਾਨ ਤਬਦੀਲ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਬਹੁਤ ਭਾਰੀ ਬਾਰਿਸ਼ ਹੁੰਦੀ ਹੈ ਤਾਂ ਪ੍ਰੋਗਰਾਮ ਨੂੰ ਸੀਮਤ ਸਮੇਂ ਵਿੱਚ ਸਮਾਪਤ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ। ਇਸ ਮੌਕੇ ਐਸ.ਡੀ.ਐਮ. ਫਰੀਦਕੋਟ ਮੇਜਰ ਵਰੁਣ ਕੁਮਾਰ, ਐਸ.ਡੀ.ਐਮ. ਜੈਤੋ ਪਰਲੀਨ ਕੌਰ, ਜੇ.ਏ ਤੁਸ਼ਿਤਾ ਗੁਲਾਟੀ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।