ਲੁਧਿਆਣਾ, 2 ਜੁਲਾਈ : ਲੁਧਿਆਣਾ ਸ਼ਹਿਰ ਦੇ ਹੋਟਲਾਂ, ਢਾਬਿਆਂ ਅਤੇ ਬੱਸ ਸਟੈਂਡਾਂ 'ਤੇ ਪੁਲਿਸ ਨੇ ਚੈਕਿੰਗ ਅਭਿਆਨ ਚਲਾਇਆ। ਸਮਰਾਲਾ ਰੋਡ 'ਤੇ ਸਥਿਤ ਢਾਬੇ ਤੋਂ ਪੁਲਿਸ ਨੇ 4 ਔਰਤਾਂ ਅਤੇ ਕੁਝ ਪੁਰਸ਼ਾਂ ਨੂੰ ਇਤਰਾਜ਼ਯੋਗ ਹਾਲਤ 'ਚ ਫੜਿਆ ਹੈ। ਪੁਲਿਸ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਡੀਐਸਪੀ ਵਰਿਆਮ ਸਿੰਘ ਦੀ ਅਗਵਾਈ ਹੇਠਲੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਜਦੋਂ ਢਾਬੇ ਦੇ ਉਪਰ ਬਣੀ ਇਮਾਰਤ ਵਿੱਚ ਕਮਰਿਆਂ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਕਾਫੀ ਜੱਦੋਜਹਿਦ ਤੋਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਔਰਤ ਅਤੇ ਮਰਦ ਇਤਰਾਜਯੋਗ ਹਾਲਤ ਵਿੱਚ ਪਾਏ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਵਾਰ ਸ਼ਿਕਾਇਤਾਂ ਮਿਲੀਆਂ ਹਨ ਕਿ ਇਨ੍ਹਾਂ ਹੋਟਲਾਂ ਵਿੱਚ ਗਲਤ ਕੰਮ ਹੁੰਦੇ ਹਨ। ਜੇ ਜਾਂਚ 'ਚ ਸੈਕਸ ਰੈਕੇਟ ਦਾ ਮਾਮਲਾ ਸਾਹਮਣੇ ਆਇਆ ਤਾਂ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਦੀ ਛਾਪੇਮਾਰੀ ਦੀ ਸੂਚਨਾ ਤੋਂ ਬਾਅਦ ਆਸ-ਪਾਸ ਦੇ ਹੋਟਲਾਂ ਦੇ ਸੰਚਾਲਕ ਉਨ੍ਹਾਂ ਨੂੰ ਬੰਦ ਕਰਕੇ ਫ਼ਰਾਰ ਹੋ ਗਏ, ਜ਼ਿਕਰ ਕਰ ਦਈਏ ਕਿ ਥਾਣਾ ਸਦਰ ਦੀ ਪੁਲਿਸ ਨੇ ਪੱਖੋਵਾਲ ਰੋਡ ’ਤੇ ਸਥਿਤ ਹੋਟਲ ਕੇ. ਸਟਾਰ 'ਤੇ ਛਾਪਾ ਮਾਰ ਕੇ ਵਿਦੇਸ਼ੀ ਔਰਤਾਂ ਅਤੇ ਲੜਕੀਆਂ ਨੂੰ ਹਿਰਾਸਤ 'ਚ ਲਿਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਤਜਿੰਦਰ ਸਿੰਘ, ਰਵਿੰਦਰ ਸਿੰਘ, ਮਹਿਤਾਸ਼ ਅਲੀ, ਜਸਪ੍ਰੀਤ ਸਿੰਘ, ਹਰਮਿੰਦਰ ਸਿੰਘ, ਹਰਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।