ਭਵਾਨੀਗੜ੍ਹ, 15 ਮਾਰਚ : ਐਸ.ਐਸ.ਪੀ. ਸੰਗਰੂਰ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਬੀਤੀ 05 ਜਨਵਰੀ ਦੀ ਰਾਤ ਭਵਾਨੀਗੜ੍ਹ ਦੇ ਸ਼ਿਵ ਮੰਦਰ ਨੇੜੇ ਭਾਰਤ ਪੈਟਰੋਲਿਅਮ ਏਜੰਸੀ ਤੋਂ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਹਥਿਆਰਾਂ ਦਾ ਡਰਾਵਾ ਦੇ ਕੇ ਖੋਹ ਕੀਤੀ ਗਈ ਸੀ ਜਿਸ ਵਿੱਚ ਸੰਗਰੂਰ ਪੁਲਿਸ ਨੇ ਖੋਹੀ ਗਈ ਰਕਮ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਭਾਰਤੀ ਦੰਡਾਵਲੀ ਦੀ ਧਾਰਾ 392 ਤਹਿਤ ਮੁਕੱਦਮਾ ਨੰਬਰ 05 ਦਰਜ ਕਰਕੇ ਤੁਰੰਤ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਐਸ.ਐਸ.ਪੀ. ਸੰਗਰੂਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਡੀ.ਐਸ.ਪੀ. ਭਵਾਨੀਗੜ੍ਹ ਮੋਹਿਤ ਅਗਰਵਾਲ ਦੀ ਨਿਗਰਾਨੀ ਹੇਠ ਥਾਣਾ ਭਵਾਨੀਗੜ੍ਹ ਵੱਲੋਂ ਡੂੰਘਾਈ ਨਾਲ ਜਾਂਚ ਕਰਕੇ ਪਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਸੇਵਕ ਸਿੰਘ ਵਾਸੀ ਜਾਤੀਮਾਜਰਾ, ਸੁਰਿੰਦਰ ਸਿੰਘ ਉਰਫ ਸੋਨੀ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਜਾਤੀ ਮਾਜਰਾ, ਮਨਪ੍ਰੀਤ ਸਿੰਘ ਉਰਫ ਲਵੀ ਪੁੱਤਰ ਮੇਜਰ ਸਿੰਘ ਵਾਸੀ ਬਰੜਵਾਲ ਅਤੇ ਅਮਨਦੀਪ ਸਿੰਘ ਉਰਫ ਗੋਲੂ ਪੁਤਰ ਗੁਰਜੀਤ ਸਿੰਘ ਵਾਸੀ ਰੁਲਦੂ ਸਿੰਘ ਵਾਲਾ ਨੂੰ ਮਿਤੀ 4-03-23 ਨੂੰ ਕਥਿਤ ਦੋਸ਼ੀਆਨ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਤਫਤੀਸ਼ ‘ਚ ਪਾਇਆ ਗਿਆ ਕਿ ਇਹ ਸਾਰੇ ਵਿਅਕਤੀ ਮੁਕੱਦਮਾ ਨੰਬਰ 14 ਮਿਤੀ 21-02-2023, ਜੋ ਕਿ ਥਾਣਾ ਬਖਸ਼ੀਵਾਲਾ ‘ਚ ਭਾਰਤੀ ਦੰਡਾਵਲੀ ਦੀ ਧਾਰਾ 399 ਤੇ 402 ਅਤੇ ਅਸਲਾ ਐਕਟ ਦੀ ਧਾਰਾ 25/54/59 ਤਹਿਤ ਦਰਜ ਹੈ, ਦੇ ਸੰਬੰਧ ‘ਚ ਸੈਂਟਰਲ ਜੇਲ੍ਹ ਪਟਿਆਲਾ ਬੰਦ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਮਿਤੀ 12-03-23 ਨੂੰ ਪ੍ਰੌਡੈਕਸ਼ਨ ਵਾਰੰਟ ਪਰ ਲਿਆਕੇ ਗ੍ਰਿਫਤਾਰ ਕੀਤਾ ਗਿਆ ਤੇ ਪੁੱਛਗਿਛ ਕੀਤੀ ਤੇ ਇਨ੍ਹਾਂ ਪਾਸੋਂ ਖੋਹ ਕੀਤੀ ਰਕਮ 1,75,000/-ਰੁਪਏ ਅਤੇ ਵਰਤੇ ਹਥਿਆਰ ਸਮੇਤ ਮੋਟਰਸਾਈਕਲ ਬ੍ਰਾਮਦ ਕਰਵਾਏ। ਇਸੇ ਮੌਕੇ ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਪੁੱਛਗਿਛ ਦੇ ਅਧਾਰ ਪਰ ਉਸੇ ਦਿਨ ਹੀ ਰਾਮਦੀਪ ਸਿੰਘ ਜੋ ਗੈਸ ਏਜੰਸੀ ਵਿੱਚ ਕੰਮ ਕਰਦਾ ਸੀ ਨੂੰ ਮੁੱਕਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਮਦੀਪ ਸਿੰਘ ਉਰਫ ਰਵੀ ਪੁੱਤਰ ਜਸਵੀਰ ਸਿੰਘ ਵਾਸੀ ਬਰੜਵਾਲ ਜੋ ਗੈਸ ਏਜੰਸੀ ਪਰ ਕੰਮ ਕਰਦਾ ਸੀ, ਜਿਸਨੂੰ ਪਤਾ ਸੀ ਕਿ ਗੈਸ ਏਜੰਸੀ ਵਿੱਚ ਕਾਫੀ ਪੈਸੇ ਕੈਸ਼ ਹੁੰਦੇ ਹਨ ਅਤੇ ਇਕੱਲਾ ਵਿਅਕਤੀ ਹੀ ਰਾਤ ਸਮੇਂ ਉਥੇ ਬੈਠਦਾ ਹੈ ਅਤੇ ਉਸਨੇ ਹੀ ਉਕਤ ਵਿਅਕਤੀਆਂ ਨਾਲ ਮਿਲ ਕੇ ਗੈਸ ਏਜੰਸੀ ਦੀ ਰੈਕੀ ਕਰਵਾਈ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।