ਜਗਰਾਉਂ, 17 ਮਾਰਚ : ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪੁਲਿਸ ਨੇ ਮਹੀਨਾ ਪਹਿਲਾਂ ਮੁੱਲਾਂਪੁਰ ਦੇ ਇੱਕ ਵਪਾਰੀ ਤੋਂ ਫੋਨ 'ਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਦਸ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਪੱਤਰਕਾਰ ਮਿਲਣੀ ਦੌਰਾਨ ਐੱਸਐੱਸਪੀ ਨਵਨੀਤ ਸਿੰਘ ਬੈਂਸ, ਸੀਆਈਏ ਸਟਾਫ ਦੇ ਇੰਚਾਰਜ ਕਿੱਕਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਮਹੀਨਾ ਪਹਿਲਾਂ ਮੁੱਲਾਂਪੁਰ ਦੇ ਇੱਕ ਅਮੀਰ ਵਪਾਰੀ ਤੋਂ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਦਸ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਵਿਸ਼ਾਲ ਦੇਵ ਪੁੱਤਰ ਵਰਿੰਦਰ ਕੁਮਾਰ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕਰ ਲਿਆ। ਜਦੋਂਕਿ ਦੂਸਰਾ ਉਸਦਾ ਭਰਾ ਇੰਗਲੈਂਡ ਵਿੱਚ ਹੈ। ਵਿਸ਼ਾਲ ਜੋ ਕਿ ਵਪਾਰੀ ਦਾ ਹੀ ਸਾਬਕਾ ਮੁਲਾਜ਼ਮ ਹੈ ਅਤੇ ਨੌਕਰੀ ਤੋਂ ਹਟਣ ਤੋਂ ਬਾਅਦ ਉਸਨੇ ਆਪਣੇ ਇੰਗਲੈਂਡ ਰਹਿੰਦੇ ਭਰਾ ਰਾਹੁਲ ਦੇਵ ਨਾਲ ਮਿਲ ਕੇ ਫਿਰੌਤੀ ਮੰਗਣ ਲਈ ਯੋਜਨਾ ਬਣਾਈ। ਜਿਸ ’ਤੇ ਇੰਗਲੈਂਡ ਤੋਂ ਰਾਹੁਲ ਨੇ ਵਪਾਰੀ ਨੂੰ ਫਿਰੌਤੀ ਮੰਗਣ ਲਈ ਫੋਨ ਕਰਕੇ ਧਮਕੀ ਦਿੱਤੀ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਵਿਸ਼ਾਲ ਦੇਵ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।