ਫਰੀਦਕੋਟ, 11 ਜੁਲਾਈ 2024 : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਡਾ. ਮਨਿੰਦਰ ਪਾਲ ਸਿੰਘ ਦੀ ਦੇਖ-ਰੇਖ ਹੇਠ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਯੋਤੀ ਦੀ ਅਗਵਾਈ ਵਿੱਚ ਗਠਿਤ ਟੀਮ ਵੱਲੋਂ ਰਹਿਮਤ ਨਸ਼ਾ ਛਡਾਓ ਕੇਂਦਰ ਚੈਕ ਕੀਤਾ ਗਿਆ। ਚੈਕਿੰਗ ਹੋਣ ਤੇ ਸਾਰੀ ਪੜਤਾਲ ਕਰਨ ਤੇ ਦਾਖਲ ਮਰੀਜਾਂ ਦਾ ਰਿਕਾਰਡ ਨਾ ਹੋਣਾ , ਸਾਫ-ਸਫਾਈ, ਲਾਇਸੈਸ ਆਦਿ ਬੇਨਿਯਮੀਆਂ ਪਾਈਆ ਗਈਆ । ਜਿਸ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਗਿਆ ਉਪਰੰਤ ਉੱਚ ਅਧਿਕਾਰੀਆਂ ਵੱਲੋ ਦਿੱਤੇ ਹੁਕਮਾਂ ਅਨੁਸਾਰ ਰਹਿਮਤ ਨਸ਼ਾ ਕੇਦਰ ਨੂੰ ਸੀਲ ਕਰਨ ਕਾਰਵਾਈ ਕਰਨ ਲਈ ਸਿਵਲ ਅਤੇ ਸਿਹਤ ਪ੍ਰਸ਼ਾਸਨ ਦੀ ਟੀਮ ਗਠਿਤ ਕੀਤੀ ਗਈ। ਟੀਮ ਵੱਲੋ ਉਕਤ ਸੈਟਰ ਤੇ ਸੀਲ ਕਰਨ ਲਈ ਰੇਡ ਕਰਨ ਮੌਕੇ ਉੱਥੇ ਨਸ਼ਾ ਛੁਡਾਊ ਕੇਦਰ ਦੇ ਸੰਚਾਲਕ ਕੇਂਦਰ ਛੱਡ ਕੇ ਭੱਜ ਚੁੱਕੇ ਸਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਵਿਭਾਗ ਵੱਲੋ ਪਿਛਲੇ ਸਮੇ ਦੌਰਾਨ ਵੀ ਇੱਕ ਨਸ਼ਾ ਛਡਾਓ ਕੇਂਦਰ ਸੀਲ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵਿਅਕਤੀ ਨਸ਼ੇ ਦੇ ਆਦੀ ਹਨ ਤੇ ਨਸ਼ਾ ਛੱਡਣਾ ਚਾਹੁੰਦੇ ਹਨ ਉਹ ਸਰਕਾਰੀ ਨਸ਼ਾ ਛਡਾਓ ਕੇਦਰ ਅਤੇ ਸਰਕਾਰ ਵੱਲੋ ਮਨਜੂਰਸ਼ੁਦਾ ਕੇਂਦਰ ਵਿਖੇ ਮਾਹਿਰ ਡਾਕਟਰ ਦੀ ਨਿਗਰਾਨੀ ਹੇਠ ਇਲਾਜ ਸ਼ੁਰੂ ਕਰਵਾਉਣ ਤਾਂ ਜੋ ਨਸ਼ੇ ਦੀ ਭੈੜੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਸਬੰਧੀ ਡਾ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ 14 ਸਰਕਾਰੀ ਓਟ ਕਲੀਨਿਕ, 2 ਡੀ- ਅਡਿਕਸ਼ਨ ਸੈਟਰ ਅਤੇ ਇੱਕ ਰੀ ਹੈਬਲੀਟੇਸ਼ਨ ਸੈਟਰ ਹੈ , ਪ੍ਰਾਈਵੇਟ 3 ਨਸ਼ਾ ਛੁਡਾਊ ਕੇਂਦਰ ਅਤੇ ਇੱਕ ਰੀ ਹੈਬਲੀਟੇਸ਼ਨ ਸੈਂਟਰ ਹੈ। ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਮਨਜ਼ੂਰਸ਼ੁਦਾ ਕੇਂਦਰਾਂ ਤੋਂ ਹੀ ਆਪਣਾ ਇਲਾਜ ਕਰਵਾਉਣ ਤਾਂ ਜੋ ਉਨ੍ਹਾਂ ਦਾ ਸਹੀ ਇਲਾਜ ਹੋ ਸਕੇ।