- ਡੀ.ਸੀ.ਫਰੀਦਕੋਟ ਨੇ ਡੀ.ਐਫ.ਐਸ.ਈ. ਨੂੰ ਨਿਰੀਖਣ ਦੇ ਹੁਕਮ ਕੀਤੇ ਜਾਰੀ
ਫਰੀਦਕੋਟ 19 ਜੂਨ : ਡੀ.ਸੀ. ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਅੱਜ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲ੍ਹੇ ਵਿੱਚ ਕਿਸੇ ਵੀ ਥਾਂ ਤੇ ਦਾਲਾਂ ਦੀ ਜਮ੍ਹਾਂਖੋਰੀ ਨੂੰ ਚੈੱਕ ਕੀਤਾ ਜਾਵੇ ਅਤੇ ਇਸ ਗੈਰ-ਕਾਨੂੰਨੀ ਧੰਦੇ ਖਿਲਾਫ ਕਾਰਵਾਈ ਕੀਤੀ ਜਾਵੇ। ਫੂਡ ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੇਅਰ ਪੰਜਾਬ, ਚੰਡੀਗੜ੍ਹ ਤੋਂ ਜਾਰੀ ਪੱਤਰ ਦਾ ਹਵਾਲਾ ਦਿੰਦਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਦਾਲਾਂ ਵਿੱਚ, ਖਾਸ ਤੌਰ ਤੇ ਤੁਰ ਅਤੇ ਉਰਦ ਦਾਲ ਦਾ, ਜਮ੍ਹਾਂ ਕੀਤੀਆਂ ਹੋਈਆਂ ਥਾਵਾਂ ਤੇ ਜਾ ਕੇ ਨਿਰੀਖਣ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਸਟੋਰ ਜਾਂ ਦੁਕਾਨ ਵਿੱਚ ਨਿਰਧਾਰਤ ਮਾਤਰਾ ਤੋਂ ਵੱਧ ਇਹ ਦਾਲਾਂ ਜਮ੍ਹਾਂ ਨਾ ਕੀਤੀਆਂ ਗਈਆਂ ਹੋਣ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਹ ਸਮੁੱਚੀ ਕਾਰਵਾਈ ਖਪਤਕਾਰਾਂ ਨੂੰ ਮਹਿੰਗੇ ਮੁੱਲ ਦੀਆਂ ਦਾਲਾਂ ਵੇਚਣ ਵਾਲਿਆਂ ਤੋਂ ਬਚਾਉਣ ਲਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਸਮੁੱਚੀ ਪ੍ਰਕਿਰਿਆ ਦੌਰਾਨ ਇਸ ਗੱਲ ਦਾ ਵੀ ਖਾਸ ਖਿਆਲ ਰੱਖਿਆ ਜਾਵੇ ਕਿ ਜਿਲ੍ਹੇ ਵਿੱਚ ਕਿਸੇ ਵੀ ਥਾਂ ਤੇ ਇਨ੍ਹਾਂ ਦਾਲਾਂ ਦੀ ਕਮੀ ਦੀ ਸਮੱਸਿਆ ਦਰਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਕਿ ਇਸ ਸਬੰਧੀ ਹੋਲਸੇਲਰ, ਰਿਟੇਲਰ, ਵੱਡੇ ਮਿੱਲਰ ਅਤੇ ਦਾਲਾਂ ਦਾ ਆਯਾਤ ਕਰਨ ਵਾਲਿਆਂ ਦੀ ਨਜ਼ਰਸਾਨੀ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਲਈ ਲਗਾਤਾਰ ਅਜਿਹੀਆਂ ਥਾਵਾਂ ਤੇ ਚੈਕਿੰਗ ਦੀ ਮੁਹਿੰਮ ਵਿੱਢੀ ਜਾਵੇ ਤਾਂ ਜੋ ਜਮ੍ਹਾਂਖੋਰੀ ਤੇ ਨਕੇਲ ਕਸੀ ਜਾ ਸਕੇ। ਉਨ੍ਹਾਂ ਡੀ.ਐਫ.ਐਸ.ਸੀ ਨੂੰ ਹਦਾਇਤ ਕੀਤੀ ਕਿ ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ ਤੇ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਅਤੇ ਪ੍ਰਾਈਵੇਟ ਵੇਅਰ ਹਾਊਸ ਦੇ ਵਿੱਚ ਜਮ੍ਹਾਂ ਕੀਤੀਆਂ ਗਈਆਂ ਦਾਲਾਂ ਦੇ ਰਜਿਸਟਰਾਂ ਤੋਂ ਇਲਾਵਾ ਨਿੱਜੀ ਤੌਰ ਤੇ ਜਾ ਕੇ ਵੀ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਅਜਿਹੀ ਥਾਂ ਜਿੱਥੇ ਦਾਲਾਂ ਨੂੰ ਸਟੋਰ ਕੀਤਾ ਜਾਂਦਾ ਹੈ, ਵਿਖੇ ਨਿਰਧਾਰਤ ਲਿਮਟ ਤੋਂ ਵੱਧ ਦਾਲਾਂ ਦੀ ਜਮ੍ਹਾਂਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਜਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਇਹ ਵੀ ਕਿਹਾ ਕਿ ਜਿਲ੍ਹੇ ਵਿੱਚ ਦਾਲਾਂ ਦੇ ਕੁੱਲ ਸਟੋਕ ਦੀ ਮਾਤਰਾ ਜਿਸ ਕਾਗਜਾਂ ਵਿੱਚ ਦਰਜ ਹੈ,ਉਸ ਦੀ ਇੱਕ ਕਾਪੀ ਦਫਤਰ ਡਿਪਟੀ ਕਮਿਸ਼ਨਰ ਨਾਲ ਵੀ ਸਾਂਝੀ ਕੀਤੀ ਜਾਵੇ।