ਪੀ.ਏ.ਯੂ. ਨੇ ਉੱਤਰੀ ਜ਼ੋਨ ਦੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿਚ 11 ਸਥਾਨ ਹਾਸਲ ਕੀਤਾ

ਲੁਧਿਆਣਾ 11 ਫਰਵਰੀ, 2025 : ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਉੱਤਰੀ ਜ਼ੋਨ ਦਾ 38ਵਾਂ ਅੰਤਰ ਯੂਨੀਵਰਸਿਟੀ ਨਾਰਥ ਜ਼ੋਨ ਯੁਵਕ ਮੇਲਾ ਆਯੋਜਿਤ ਹੋਇਆ| ਇਹ ਯੁਵਕ ਮੇਲਾ ਭਾਰਤ ਸਰਕਾਰ ਦੇ ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਆਯੋਜਿਤ ਕੀਤਾ ਗਿਆ| ਇਸ ਵਿਚ ਪੀ.ਏ.ਯੂ. ਦੇ ਪ੍ਰਤੀਯੋਗੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ 11 ਸਥਾਨ ਹਾਸਲ ਕੀਤੇ| ਉੱਤਰੀ ਭਾਰਤ ਦੀਆਂ 21 ਯੂਨੀਵਰਸਿਟੀਆਂ ਨੇ 5 ਦਿਨ ਦੇ ਇਸ ਮਹਾਂ ਮੁਕਾਬਲੇ ਵਿਚ ਹਿੱਸਾ ਲਿਆ| ਪੀ.ਏ.ਯੂ. ਦੇ ਵਿਦਿਆਰਥੀਆਂ ਨੇ 21 ਵੰਨਗੀਆਂ ਵਿਚ ਭਾਗ ਲੈ ਕੇ ਆਪਣੀ ਹਾਜ਼ਰੀ ਦਰਜ ਕਰਵਾਈ| ਇਹਨਾਂ ਮੁਕਾਬਲਿਆਂ ਵਿਚ ਸਾਹਿਤਕ, ਲਲਿਤ ਕਲਾਵਾਂ, ਨਾਚ, ਸੰਗੀਤ ਅਤੇ ਥੀਏਟਰ ਦੇ ਮੁਕਾਬਲੇ ਸਨ| ਪੀ.ਏ.ਯੂ. ਨੇ 11 ਸਥਾਨ ਇਹਨਾਂ ਮੁਕਾਬਲਿਆਂ ਵਿਚ ਹਾਸਲ ਕੀਤੇ ਜਿਨ੍ਹਾਂ ਵਿੱਚੋਂ ਇੰਸਟਾਲੇਸ਼ਣ ਵਿਚ ਦੂਸਰਾ, ਇਕਾਂਗੀ ਵਿਚ ਚੌਥਾ, ਭਾਰਤੀ ਗੁਰੱਪ ਸਾਂਗ ਅਤੇ ਰੰਗੋਲੀ ਵਿਚ ਚੌਥਾ, ਸਕਿੱਟ, ਪੋਸਟਰ ਬਨਾਉਣ, ਮਹਿੰਦੀ, ਕੋਲਾਜ ਬਨਾਉਣ, ਕਲੇਅ ਮਾਡਲਿੰਗ, ਲਾਈਟ ਵੋਕਲ ਸੋਲੋ ਅਤੇ ਮਮਿਕਰੀ ਵਿਚ ਪੰਜਵਾਂ ਇਨਾਮ ਪ੍ਰਮੁੱਖ ਹਨ| ਪੀ.ਏ.ਯੂ. ਦੀ ਇੰਸਟਾਲੇਸ਼ਣ ਟੀਮ ਨੋਇਡਾ ਵਿਖੇ 3-7 ਮਾਰਚ ਤੱਕ ਹੋਣ ਵਾਲੇ ਰਾਸ਼ਟਰੀ ਯੁਵਕ ਮੇਲੇ ਵਿਚ ਉੱਤਰੀ ਜ਼ੋਨ ਦੀ ਪ੍ਰਤੀਨਿਧਤਾ ਕਰੇਗੀ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਹਨਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਵਧਾਈ ਅਤੇ ਸ਼ਾਬਾਸ਼ ਦਿੱਤੀ| ਉਹਨਾਂ ਕਿਹਾ ਕਿ ਖੇਤੀ ਵਿਗਿਆਨ ਦੀ ਯੂਨੀਵਰਸਿਟੀ ਹੋਣ ਦੇ ਬਾਵਜੂਦ ਇਹਨਾਂ ਵਿਦਿਆਰਥੀਆਂ ਦਾ ਕਲਾ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਪ੍ਰਸ਼ੰਸ਼ਾ ਦਾ ਹੱਕਦਾਰ ਹੈ| ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਇਹਨਾਂ ਪ੍ਰਤੀਯੋਗੀਆਂ ਦੀ ਤਾਰੀਫ ਕੀਤੀ| ਉਹਨਾਂ ਭਵਿੱਖ ਵਿਚ ਹੋਰ ਪ੍ਰਾਪਤੀਆਂ ਲਈ ਦੁਆਵਾਂ ਵੀ ਦਿੱਤੀਆਂ| ਇਸ ਮੌਕੇ ਸੱਭਿਆਚਾਰ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ, ਡਾ. ਹਰਲੀਨ ਕੌਰ ਅਤੇ ਸ਼੍ਰੀ ਸਤਵੀਰ ਸਿੰਘ ਵੀ ਮੌਜੂਦ ਸਨ|