- ਕਿਰਤ ਤੇ ਕਿਰਸ ਨਾਲ ਕਿਸਾਨੀ ਦੀ ਖੁਸ਼ਹਾਲੀ ਹੋਵੇਗੀ ਸੰਭਵ : ਵਾਈਸ ਚਾਂਸਲਰ
ਲੁਧਿਆਣਾ 3 ਅਗਸਤ : ਪੀ.ਏ.ਯੂ. ਕਿਸਾਨਾਂ ਨੂੰ ਪਸਾਰ ਗਤੀਵਿਧੀਆਂ ਤੋਂ ਜਾਣੂੰ ਕਰਵਾਉਣ ਲਈ ਵੱਖ-ਵੱਖ ਢੰਗ ਤਰੀਕੇ ਅਪਨਾਉਣ ਵਾਲੀ ਸੰਸਥਾ ਹੈ | ਆਪਣੀ ਸਥਾਪਨਾ ਤੋਂ ਹੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਖੇਤੀ ਵਿਗਿਆਨ ਅਤੇ ਵਿਕਸਿਤ ਖੇਤੀ ਖੋਜਾਂ ਨਾਲ ਜੋੜ ਕੇ ਅਗਾਂਹਵਧੂ ਕਾਸ਼ਤ ਦਾ ਰਾਹ ਖੋਲਿਆ | ਇਸ ਕੰਮ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਖੁਦ ਕਿਸਾਨਾਂ ਨੇ ਹੀ ਨਿਭਾਈ | ਪੀ.ਏ.ਯੂ. ਵਿੱਚ ਬਣੇ ਕਿਸਾਨ ਕਲੱਬ ਨੇ 1966 ਤੋਂ ਲੈ ਕੇ ਹੁਣ ਤੱਕ ਲਗਾਤਾਰ ਮਹੀਨਾਵਾਰ ਸਿਖਲਾਈ ਕੈਂਪਾਂ ਰਾਹੀਂ ਪੰਜਾਬ ਦੇ ਕੋਨੇ-ਕੋਨੇ ਦੇ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਤੋਂ ਜਾਣੂੰ ਕਰਵਾਇਆ | ਅੱਜ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਸੈਮੀਨਾਰ ਹਾਲ ਵਿੱਚ ਪਹਿਲੀ ਵਾਰ ਹੋਈ ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆ ਨੇ ਇਸ ਕਲੱਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ | ਡਾ. ਗੋਸਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਹੁਣ ਤੱਕ ਕੈਰੋਂ ਕਿਸਾਨ ਘਰ ਵਿੱਚ ਹੁੰਦੀ ਰਹੀ ਕਿਸਾਨ ਕਲੱਬ ਦੀ ਮੀਟਿੰਗ ਦਾ ਨਵੇਂ ਹਾਲ ਵਿੱਚ ਕਰਵਾਇਆ ਜਾਣਾ ਬੇਹੱਦ ਸੁਖਾਵਾਂ ਜਾਪਦਾ ਹੈ | ਉਹਨਾਂ ਕਿਸਾਨ ਕਲੱਬ ਦੇ ਇਤਿਹਾਸ ਬਾਰੇ ਗੱਲ ਕਰਦਿਆ ਕਿਹਾ ਕਿ ਅਜ਼ਾਦੀ ਤੋਂ ਬਾਅਦ ਦੇਸ਼ ਨੂੰ ਭੁਖਮਰੀ ਵਿੱਚ ਕੱਢਣ ਅਤੇ ਅੰਨ ਭੰਡਾਰ ਭਰਨ ਦਾ ਬੀੜਾ ਪੀ.ਏ.ਯੂ. ਨੇ ਚੁੱਕਿਆ | ਪੀ.ਏ.ਯੂ. ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਕਾਰਜ ਨੂੰ ਸਿਰੇ ਚੜਾਇਆ | ਡਾ. ਗੋਸਲ ਨੇ ਦੱਸਿਆ ਕਿ ਸਾਡੇ ਖੋਜੀਆਂ ਨੇ ਮੈਕਸੀਕਨ ਕਿਸਮਾਂ ਨਾਲ ਦੇਸੀ ਕਿਸਮਾਂ ਦਾ ਸੁਮੇਲ ਕਰਕੇ ਕਣਕ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਪੈਦਾ ਕੀਤੀਆਂ | ਕਿਸਾਨਾਂ ਨੇ ਇਹਨਾਂ ਬੀਜਾਂ ਅਤੇ ਤਕਨੀਕਾਂ ਉੱਪਰ ਭਰੋਸਾ ਪ੍ਰਗਟ ਕਰਕੇ ਇਹ ਖੋਜਾਂ ਆਪਣੇ ਖੇਤਾਂ ਵਿੱਚ ਲਾਗੂ ਕੀਤੀਆਂ | ਡਾ. ਗੋਸਲ ਨੇ ਕਿਹਾ ਕਿ ਕਣਕ ਦੀ ਖੋਜ ਲਗਾਤਾਰ ਨਵੇਂ ਖੇਤਰਾਂ ਦੀ ਤਲਾਸ਼ ਕਰ ਰਹੀ ਹੈ | ਉਹਨਾਂ ਦੱਸਿਆ ਕਿ ਅਸੀਂ ਕੇਂਦਰੀ ਪੂਲ ਵਿੱਚ ਕਣਕ ਦਾ 51 ਪ੍ਰਤੀਸ਼ਤ ਅਤੇ ਝੋਨੇ ਦਾ ਕਰੀਬ 35 ਪ੍ਰਤੀਸ਼ਤ ਹਿੱਸਾ ਪਾਉਂਦੇ ਹਾਂ | ਡਾ. ਗੋਸਲ ਨੇ ਕਿਸਾਨਾਂ ਨੂੰ ਹਮੇਸ਼ਾਂ ਪ੍ਰੈਕਟੀਕਲ ਕਰਦੇ ਰਹਿਣ ਵਾਲਾ ਵਿਗਿਆਨੀ ਕਿਹਾ | ਉਹਨਾਂ ਕਿਹਾ ਕਿ ਹੋਰ ਖੇਤਰਾਂ ਦੇ ਲੋਕ ਖੇਤੀ ਨਾਲ ਸੰਬੰਧਤ ਨਵੀਆਂ ਖੋਜਾਂ ਕਰ ਰਹੇ ਹਨ ਸਾਨੂੰ ਵੀ ਉਹਨਾਂ ਦੇ ਹਾਣੀ ਬਣਨ ਲਈ ਨਵੀਂ ਤਕਨੀਕ ਨਾਲ ਜੁੜਨਾ ਪਵੇਗਾ।
ਡਾ. ਗੋਸਲ ਨੇ ਪੀ.ਏ.ਯੂ. ਕਿਸਾਨ ਕਲੱਬ ਦੇ ਇਤਿਹਾਸ ਬਾਰੇ ਮੁੱਲਵਾਨ ਗੱਲਾਂ ਕੀਤੀਆਂ | ਉਹਨਾਂ ਦੱਸਿਆ ਕਿ 1966 ਵਿੱਚ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਤਖਤ ਸਿੰਘ ਸੋਹਲ ਦੀ ਪਹਿਲਕਦਮੀ ਨਾਲ ਇਸ ਕਲੱਬ ਦਾ ਗਠਨ ਬਾੜੇਵਾਲ ਕਿਸਾਨ ਕਲੱਬ ਵਜੋਂ ਕੀਤਾ ਗਿਆ ਸੀ | ਬਾਅਦ ਵਿੱਚ ਇਸਦਾ ਨਾਂ ਕਿਸਾਨ ਕਲੱਬ ਲੁਧਿਆਣਾ ਅਤੇ ਫਿਰ ਪੀ.ਏ.ਯੂ. ਕਿਸਾਨ ਕਲੱਬ ਹੋ ਗਿਆ | ਡਾ. ਗੋਸਲ ਨੇ ਕਿਹਾ ਕਿ ਇਹ ਅਸਲ ਵਿੱਚ ਕਿਸਾਨਾਂ ਵੱਲੋਂ ਚਲਾਈ ਜਾਂਦੀ ਪਸਾਰ ਸੇਵਾ ਹੈ | ਡਾ. ਗੋਸਲ ਨੇ ਇਸ ਕਲੱਬ ਦੇ ਕਾਰਜਾਂ ਨੂੰ ਪੀ.ਏ.ਯੂ. ਦੇ ਨਾਲ-ਨਾਲ ਪੂਰੇ ਪੰਜਾਬ ਦੀ ਖੇਤੀ ਦੇ ਵਿਕਾਸ ਲਈ ਮਹੱਤਵਪੂਰਨ ਕਿਹਾ | ਉਹਨਾਂ ਨੇ ਕਲੱਬ ਦੇ ਮੈਂਬਰਾਂ ਨਾਲ ਖੇਤੀ ਦੀਆਂ ਮੌਜੂਦਾ ਸਮੱਸਿਆਵਾਂ ਬਾਰੇ ਵਿਚਾਰ-ਚਰਚਾ ਕੀਤੀ | ਡਾ. ਗੋਸਲ ਨੇ ਕਿਹਾ ਕਿ ਕਿਰਤ ਅਤੇ ਕਿਰਸ ਨਾਲ ਹੀ ਖੇਤੀ ਦੀ ਬਿਹਤਰੀ ਸੰਭਵ ਹੈ | ਮਈ ਵਿੱਚ ਹੋਈ ਸਰਕਾਰ-ਕਿਸਾਨ ਮਿਲਣੀ ਵਿੱਚ ਵਿਦੇਸ਼ੀ ਕਿਸਾਨਾਂ ਵੱਲੋਂ ਸਾਂਝੇ ਕੀਤੇ ਤਜਰਬਿਆਂ ਦੀ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਖੇਤੀਬਾੜੀ ਨੂੰ ਖੇਤੀ ਕਾਰੋਬਾਰ ਬਣਾ ਕੇ ਮੰਡੀਕਰਨ ਦੇ ਤਰੀਕਿਆਂ ਵੱਲ ਧਿਆਨ ਦੇਣਾ ਹੀ ਪਵੇਗਾ | ਉਹਨਾਂ ਨੇ ਪੰਜਾਬ ਦੀ ਖੇਤੀ ਨੀਤੀ ਸੰਬੰਧੀ ਵੀ ਵਿਚਾਰ ਕਿਸਾਨਾਂ ਨਾਲ ਸਾਂਝੇ ਕੀਤੇ । ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਸਵਾਗਤ ਦੇ ਸ਼ਬਦ ਕਹੇ। ਉਹਨਾਂ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਤੱਕ ਯੂਨੀਵਰਸਿਟੀ ਦਾ ਪਹੁੰਚਣਾ ਔਖਾ ਹੈ ਇਸਲਈ ਕਿਸਾਨ ਕਲੱਬ ਯੂਨੀਵਰਸਿਟੀ ਦੇ ਦੂਤ ਵਜੋਂ ਕੰਮ ਕਰਦਾ ਹੈ। ਡਾ. ਬੁੱਟਰ ਨੇ ਦੱਸਿਆ ਕਿ ਕਲੱਬ ਦੇ ਮੈਂਬਰ ਮਾਹਿਰਾਂ ਦੇ ਸੁਝਾਅ ਆਪਣੇ ਸਾਥੀ ਕਿਸਾਨਾਂ ਤੱਕ ਪਹੁੰਚਾਉਂਦੇ ਹਨ ਅਤੇ ਕਿਸਾਨਾਂ ਦੀਆਂ ਰਾਵਾਂ ਮਾਹਿਰਾਂ ਨਾਲ ਵਿਚਾਰਦੇ ਹਨ | ਇਸ ਤਰ੍ਹਾਂ ਖੇਤੀ ਖੋਜ ਦੀ ਦਿਸ਼ਾ ਨਿਰਧਾਰਤ ਹੁੰਦੀ ਹੈ। ਡਾ. ਬੁੱਟਰ ਨੇ ਹੜ੍ਹਾਂ ਦੇ ਮੱਦੇਨਜ਼ਰ ਦੁਬਾਰਾ ਝੋਨਾ ਲਾਉਣ ਵਾਲੇ ਕਿਸਾਨਾਂ ਲਈ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਪਨੀਰੀ ਬਾਬਤ ਵੀ ਗੱਲਬਾਤ ਕੀਤੀ। ਪੀ.ਏ.ਯੂ. ਕਿਸਾਨ ਕਲੱਬ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਪੂਨੀਆ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ। ਪੂਨੀਆ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਕਲੱਬ ਦੁਬਾਰਾ ਆਪਣੇ ਕਾਰਜਾਂ ਨੂੰ ਆਰੰਭ ਕਰ ਸਕਿਆ ਹੈ। ਉਹਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਮੌਜੂਦ ਜਾਣਕਾਰੀ ਦੀ ਕਸੌਟੀ ਪੀ.ਏ.ਯੂ. ਦੇ ਖੇਤੀ ਮਾਹਿਰ ਹਨ ਇਸਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਕਲੱਬ ਨਾਲ ਜੁੜਨਾ ਚਾਹੀਦਾ ਹੈ। ਅੰਤ ਵਿੱਚ ਧੰਨਵਾਦ ਦੇ ਸ਼ਬਦ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਕਹੇ। ਸਮਾਰੋਹ ਦਾ ਮੰਚ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਇਸ ਮੌਕੇ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰ ਸਿੰਘ ਗਿੱਲ ਵੀ ਮੌਜੂਦ ਰਹੇ। ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਕਿਸਾਨਾਂ ਨਾਲ ਮੌਜੂਦਾ ਖੇਤੀ ਸਰੋਕਾਰਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।