ਲੁਧਿਆਣਾ 7 ਅਗਸਤ : ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਨੇ ਬੀਤੇ ਦਿਨੀਂ ਜੈਵਿਕ ਖੇਤੀ ਸਕੂਲ ਦੇ ਸਹਿਯੋਗ ਨਾਲ ਪਸਾਰ ਅਧਿਕਾਰੀਆਂ ਅਤੇ ਸਟਾਫ ਲਈ ਦੋ ਰੋਜ਼ਾ ਵਿਸ਼ੇਸ਼ ਸਿਖਲਾਈ ਗੋਸ਼ਟੀ ਦਾ ਆਯੋਜਨ ਕੀਤਾ | ਇਹ ਦੋ ਰੋਜ਼ਾ ਗੋਸ਼ਟੀ ਜੈਵਿਕ ਅਤੇ ਕੁਦਰਤੀ ਖੇਤੀ ਬਾਰੇ ਰਾਸ਼ਟਰੀ ਕੇਂਦਰ ਗਾਜ਼ੀਆਬਾਦ ਤੋਂ ਇਮਦਾਦ ਪ੍ਰਾਪਤ ਸੀ | ਇਸ ਦੋ ਰੋਜ਼ਾ ਸਿਖਲਾਈ ਗੋਸ਼ਟੀ ਦਾ ਮੰਤਵ ਰਾਜ ਵਿੱਚ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਹੁਲਾਰਾ ਦੇਣਾ ਅਤੇ ਇਸ ਖੇਤੀ ਵਿਧੀ ਲਈ ਮਾਹੌਲ ਪੈਦਾ ਕਰਨਾ ਸੀ | ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ 20 ਦੇ ਕਰੀਬ ਮਾਹਿਰ ਇਸ ਵਿੱਚ ਸ਼ਾਮਿਲ ਹੋਏ | ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਇਸ ਸਿਖਲਾਈ ਗੋਸ਼ਟੀ ਦਾ ਉਦਘਾਟਨ ਕੀਤਾ | ਉਹਨਾਂ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜੈਵਿਕ ਅਤੇ ਕੁਦਰਤੀ ਖੇਤੀ ਦਾ ਮਾਹੌਲ ਬਣਿਆ ਹੈ | ਇਹ ਨਾ ਸਿਰਫ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਢੁੱਕਵਾਂ ਤਰੀਕਾ ਹੈ ਬਲਕਿ ਇਸ ਨਾਲ ਰਸਾਇਣ ਮੁਕਤ ਪੋਸ਼ਕ ਭੋਜਨ ਪਦਾਰਥਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ | ਉਹਨਾਂ ਕਿਹਾ ਕਿ ਪੰਜਾਬ ਵਿੱਚ ਕੁਝ ਕਿਸਾਨ ਇਸ ਖੇਤੀ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੇ ਆਪਣੀਆਂ ਜਿਣਸਾਂ ਨੂੰ ਜੈਵਿਕ ਤਰੀਕਿਆਂ ਨਾਲ ਪੈਦਾ ਕਰਕੇ ਵਧੇਰੇ ਕੀਮਤ ਤੇ ਵੇਚਿਆ ਹੈ | ਉਹਨਾਂ ਨੇ ਜੈਵਿਕ ਖੇਤੀ ਸੰਬੰਧੀ ਪੀ.ਏ.ਯੂ. ਦੀਆਂ ਖੋਜਾਂ ਦਾ ਵੀ ਜ਼ਿਕਰ ਕੀਤਾ | ਗਾਜ਼ੀਆਬਾਦ ਕੇਂਦਰ ਦੇ ਨਿਰਦੇਸ਼ਕ ਡਾ. ਗਗਨੇਸ਼ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਮੌਜੂਦਾ ਸਰਕਾਰ ਕੁਦਰਤੀ ਅਤੇ ਜੈਵਿਕ ਖੇਤੀ ਨੂੰ ਭਾਰਤ ਵਿੱਚ ਲਾਗੂ ਕਰਨ ਲਈ ਕਈ ਯੋਜਨਾਵਾਂ ਨੂੰ ਉਤਸ਼ਾਹਿਤ ਕਰ ਰਹੀ ਹੈ | ਨਾਲ ਹੀ ਉਹਨਾਂ ਨੇ ਜੈਵਿਕ ਖੇਤੀ ਦੇ ਵੱਖ-ਵੱਖ ਪੜਾਵਾਂ ਦਾ ਜ਼ਿਕਰ ਕੀਤਾ | ਡਾ. ਸਚਿਨ ਕੁਮਾਰ ਵੈਦ ਨੇ ਜੈਵਿਕ ਖੇਤੀ ਦੇ ਸਿਧਾਂਤ ਅਤੇ ਤਰੀਕਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ | ਸਿਫਟ ਦੇ ਸੀਨੀਅਰ ਵਿਗਿਆਨੀ ਡਾ. ਰਾਹੁਲ ਕੁਮਾਰ ਨੇ ਜੈਵਿਕ ਖੇਤੀ ਰਾਹੀਂ ਮਿਆਰੀ ਉਤਪਾਦਨ ਦੇ ਧਨ ਸਾਂਝੇ ਕੀਤੇ | ਸਿਫਟ ਦੇ ਮਾਹਿਰ ਡਾ. ਰੰਜੀਤ ਨੇ ਵਢਾਈ ਉਪਰੰਤ ਜਿਣਸਾਂ ਦੀ ਸਾਂਭ-ਸੰਭਾਲ ਬਾਰੇ ਗੱਲ ਕੀਤੀ | ਪੀ.ਏ.ਯੂ. ਦੇ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਸੋਹਨ ਸਿੰਘ ਵਾਲੀਆ ਨੇ ਪੰਜਾਬ ਦੀ ਖੇਤੀ ਦੇ ਮੌਜੂਦਾ ਦ੍ਰਿਸ਼ ਵਿੱਚ ਜੈਵਿਕ ਖੇਤੀ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ | ਨਾਲ ਹੀ ਉਹਨਾਂ ਨੇ ਪੀ.ਏ.ਯੂ. ਵੱਲੋਂ ਚਲਾਏ ਜਾ ਰਹੇ ਸੰਯੁਕਤ ਖੇਤੀ ਪ੍ਰਬੰਧ ਬਾਰੇ ਵੀ ਵਿਸਥਾਰ ਨਾਲ ਦੱਸਿਆ |