ਲੁਧਿਆਣਾ 6 ਜੁਲਾਈ : ਪੀ.ਏ.ਯੂ. ਵਿੱਚ ਆਉਂਦੇ ਅਕਤੂਬਰ ਮਹੀਨੇ ਦੀ 16-18 ਤਰੀਕ ਤੱਕ ਇੱਕ ਅੰਤਰਰਾਸ਼ਟਰੀ ਕਾਨਫਰੰਸ ਆਯੋਜਿਤ ਕੀਤੀ ਜਾਏਗੀ, ਇਹ 20ਵੀਂ ਤਿੰਨ ਸਾਲਾਂ ਕਾਨਫਰੰਸ ਖੇਤੀ ਯੂਨੀਵਰਸਿਟੀਆਂ ਵਿੱਚ ਸਥਾਪਿਤ ਅਜਾਇਬ ਘਰਾਂ ਸੰਬੰਧੀ ਹੋਵੇਗੀ, ਯਾਦ ਰਹੇ ਕਿ ਪੀ.ਏ.ਯੂ. ਨੂੰ ਇਸਦੀ ਸਾਂਝੀ ਮੇਜ਼ਬਾਨੀ ਸੌਂਪੀ ਗਈ ਹੈ | ਇਸੇ ਕਾਨਫਰੰਸ ਦਾ ਇੱਕ ਪੜਾਅ ਸ਼ੂਲਿਨੀ ਯੂਨੀਵਰਸਿਟੀ, ਸੋਲਨ ਵਿੱਚ 13-15 ਅਕਤੂਬਰ, 2023 ਤੱਕ ਆਯੋਜਿਤ ਕੀਤਾ ਜਾਵੇਗਾ, ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਖੇਤੀ ਦੇ ਅਜਾਇਬ ਘਰਾਂ ਦੇ ਮਾਮਲੇ ਵਿੱਚ ਪੀ.ਏ.ਯੂ. ਕੋਲ ਅਮੀਰ ਵਿਰਾਸਤ ਦੀ ਹੋਂਦ ਹੈ ਅਤੇ ਇਸ ਕਾਨਫਰੰਸ ਦਾ ਉਦੇਸ਼ ਪੂਰੀ ਦੁਨੀਆਂ ਨੂੰ ਇਸ ਸਿਧਾਂਤ ਤੋਂ ਜਾਣੂੰ ਕਰਵਾਉਣਾ ਹੈ ਕਿ ਅਜਾਇਬ ਘਰਾਂ ਵਿੱਚ ਖੇਤੀ ਦੇ ਵਿਕਾਸ ਦੀ ਗਾਥਾ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ, ਉਹਨਾਂ ਕਿਹਾ ਕਿ ਇਹ ਕਾਨਫਰੰਸ ਏਸ਼ੀਆ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਆਯੋਜਨ ਹੋਵੇਗਾ, ਡਾ. ਗੋਸਲ ਨੇ ਇਸ ਸੰਬੰਧੀ ਵੱਖ-ਵੱਖ ਵਿਭਾਗਾਂ ਅਧੀਨ ਸਥਾਪਿਤ ਅਜਾਇਬ ਘਰਾਂ ਬਾਰੇ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਸੰਬੰਧਿਤ ਮੁਖੀਆਂ ਨਾਲ ਕੀਤੀ, ਉਹਨਾਂ ਨੇ ਇਸ ਕਾਨਫਰੰਸ ਦੇ ਆਯੋਜਨ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਖੇਤੀਬਾੜੀ ਖੇਤਰ ਦੇ ਮੁੱਖ ਪੱਖਾਂ ਉੱਪਰ ਚਰਚਾ ਕੀਤੀ, ਡਾ. ਗੋਸਲ ਨੇ ਕਿਹਾ ਕਿ ਇਸ ਕਾਨਫਰੰਸ ਦਾ ਉਦੇਸ਼ ਕਿਸਾਨੀ ਨਾਲ ਜੁੜੇ ਲੋਕਾਂ ਦੀ ਬੌਧਿਕਤਾ, ਕੀੜਿਆਂ ਬਿਮਾਰੀਆਂ ਨੂੰ ਰੋਕਥਾਮ ਦੀ ਇਤਿਹਾਸਕ ਸੂਝ ਅਤੇ ਮੌਸਮ ਸੰਬੰਧੀ ਉਹਨਾਂ ਦੀ ਜਾਣਕਾਰੀ ਬਾਰੇ ਚਾਨਣਾ ਪਾਉਣਾ ਹੋਵੇਗਾ ਨਾਲ ਹੀ ਵੱਖ-ਵੱਖ ਖਿੱਤਿਆਂ ਵਿੱਚ ਖੇਤੀ ਸੱਭਿਆਚਾਰ ਦੀ ਉਸਾਰੀ ਲਈ ਲੋਕਾਂ ਵੱਲੋਂ ਪਾਏ ਯੋਗਦਾਨ ਅਤੇ ਉਹਨਾਂ ਦੀ ਭੂਮਿਕਾ ਦੀ ਪਛਾਨਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ, ਪੀ.ਏ.ਯੂ. ਦੇ ਮੁੱਖ ਅਜਾਇਬ ਘਰਾਂ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਦੱਸਿਆ ਕਿ ਪੰਜਾਬ ਦਾ ਸਮਾਜਿਕ ਇਤਿਹਾਸ ਅਤੇ ਪੇਂਡੂ ਜੀਵਨ ਦਾ ਅਜਾਇਬ ਘਰ 1974 ਵਿੱਚ ਬਣਾਇਆ ਗਿਆ ਸੀ, ਅਜਾਇਬ ਘਰ ਪੰਜਾਬ ਦੇ ਪੇਂਡੂ ਸੱਭਿਆਚਾਰ ਵਿੱਚੋਂ ਪੈਦਾ ਹੋਏ ਲੋਕ ਜੀਵਨ ਦੀ ਝਲਕ ਪੇਸ਼ ਕਰਦਾ ਹੈ, 1986 ਵਿੱਚ ਸਥਾਪਿਤ ਡਾ. ਐੱਚ ਐੱਲ ਉੱਪਲ ਅਜਾਇਬ ਘਰ ਉੱਤਰ-ਪੱਛਮੀ ਭਾਰਤ ਦੇ ਭੂਗੋਲਿਕ ਹਾਲਾਤ ਬਾਰੇ ਸਜੀਵ ਦ੍ਰਿਸ਼ ਸਿਰਜਦਾ ਹੈ, ਪਲਾਂਟ ਬਰੀਡਿੰਗ ਵਿਭਾਗ ਵਿੱਚ ਸਥਾਪਿਤ ਫਸਲ ਮਿਊਜੀਅਮ ਨੇ ਪੀ.ਏ.ਯੂ. ਦੀਆਂ ਸਿਫਾਰਸ ਕੀਤੀਆਂ ਫਸਲਾਂ ਦੀਆਂ ਕਿਸਮਾਂ ਦਾ ਪ੍ਰਤੀਬਿੰਬ ਹੈ, ਹਰੀ ਕ੍ਰਾਂਤੀ ਅਜਾਇਬ ਘਰ ਅਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਹੋਏ ਖੇਤੀ ਦੇ ਵਿਕਾਸ ਦਾ ਦਰਪਣ ਹੈ ਜਿਸ ਵਿੱਚ ਕਿਸਮਾਂ ਦੇ ਨਾਲ-ਨਾਲ ਖੇਤੀ ਤਕਨੀਕਾਂ ਅਤੇ ਮਸ਼ੀਨਰੀ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਹੈ, ਡਾ. ਗੋਸਲ ਨੇ ਕਿਹਾ ਕਿ ਕੀਟ ਅਜਾਇਬ ਘਰ ਕੀੜੇ-ਮਕੌੜਿਆਂ ਦੇ ਵੱਖ-ਵੱਖ ਵਿਕਾਸ ਪੜਾਵਾਂ ਅਤੇ ਉਹਨਾਂ ਦੇ ਵਿਹਾਰ ਅਤੇ ਰੋਕਥਾਮ ਆਦਿ ਬਾਰੇ 30 ਤੋਂ ਵੱਧ ਮਾਡਲਾਂ ਦਾ ਸੰਗ੍ਰਹਿ ਹੈ, ਇਸੇ ਤਰ੍ਹਾਂ ਕੁਦਰਤੀ ਇਤਿਹਾਸ ਦਾ ਅਜਾਇਬ ਘਰ ਜੈਵਿਕ ਵਿਕਾਸ ਅਤੇ ਮਨੁੱਖ ਸੱਭਿਅਤਾ ਦੀ ਪੜਾਅਵਾਰ ਤਰੱਕੀ ਨੂੰ ਦਰਸਾਉਣ ਲਈ ਬਿਹਤਰ ਤਰੀਕਾ ਹੈ, ਸਾਇਲਜ਼ ਮਿਊਜ਼ੀਅਮ ਪੰਜਾਬ ਵਿੱਚ ਮਿੱਟੀ ਦੀਆਂ ਪਰਤਾਂ ਅਤੇ ਸਰੋਤ ਨੂੰ ਪ੍ਰਦਰਸ਼ਿਤ ਕਰਦਾ ਹੈ, ਡਾ. ਗੋਸਲ ਨੇ ਕਿਹਾ ਕਿ ਇਹ ਸਾਰੇ ਅਜਾਇਬ ਘਰ ਇਤਿਹਾਸ ਵਰਤਮਾਨ ਅਤੇ ਭਵਿੱਖ ਬਾਰੇ ਇੱਕ ਭਰਵਾਂ ਦ੍ਰਿਸ਼ ਸਿਰਜਦੇ ਹਨ, ਉਹਨਾਂ ਨੇ ਕਿਹਾ ਕਿ ਆਉਂਦੇ ਸਮੇਂ ਵਿੱਚ ਡਾ. ਖੁਸ਼ ਮਿਊਜ਼ੀਅਮ ਅਤੇ ਖੇਤੀ ਸੰਦਾਂ ਅਤੇ ਮਸ਼ੀਨਰੀ ਬਾਰੇ ਅਜਾਇਬ ਘਰ ਵੀ ਸਥਾਪਿਤ ਕੀਤਾ ਜਾ ਰਿਹਾ ਹੈ|