ਪੀ.ਏ.ਯੂ. ਵਿਖੇ ਐੱਮ ਐੱਸ ਸੀ ਬਾਇਓਤਕਨਾਲੋਜੀ ਪ੍ਰੋਗਰਾਮ ਦੀ ਪੜਚੋਲ ਲਈ ਵਿਸ਼ੇਸ਼ ਮੀਟਿੰਗ ਹੋਈ

ਲੁਧਿਆਣਾ 28 ਜਨਵਰੀ, 2005 : ਪੀ.ਏ.ਯੂ. ਵਿਖੇ ਬਾਇਓਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਐੱਮ ਐੱਸ ਸੀ ਬਾਇਓਤਕਨਾਲੋਜੀ ਪ੍ਰੋਗਰਾਮ ਦੇ ਵਿਸ਼ਲੇਸ਼ਣ ਬਾਰੇ ਇਕ ਵਿਸ਼ੇਸ਼ ਮੀਟਿੰਗ ਹੋਈ| ਇਸ ਮੀਟਿੰਗ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਉਹਨਾਂ ਨੇ ਬਾਇਓਤਕਨਾਲੋਜੀ ਵਿਭਾਗ ਵੱਲੋਂ ਕੀਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕਰਦਿਆਂ ਅਕਾਦਮਿਕ ਅਤੇ ਖੋਜ ਖੇਤਰਾਂ ਵਿਚ ਇਸ ਸਹਿਯੋਗ ਦੇ ਮਹੱਤਵ ਨੂੰ ਦ੍ਰਿੜ ਕੀਤਾ| ਪ੍ਰੋਗਰਾਮ ਦੇ ਕੁਆਰਡੀਨੇਟਰ ਡਾ. ਯੋਗੇਸ਼ ਵਿਕਲ ਨੇ ਸਲਾਨਾ ਤਰੱਕੀ ਰਿਪੋਰਟ ਪੇਸ਼ ਕਰਦਿਆਂ ਇਸ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ| ਪ੍ਰੋਗਰਾਮ ਦੇ ਸਾਬਕਾ ਕੁਆਰਡੀਨੇਟਰ ਡਾ. ਪ੍ਰਵੀਨ ਛੁਨੇਜਾ ਨੇ ਇਸ ਪ੍ਰੋਗਰਾਮ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਲੋੜੀਂਦੇ ਸੁਝਾਅ ਦਿੱਤੇ| ਕਮੇਟੀ ਦੀ ਮੀਟਿੰਗ ਦੌਰਾਨ ਐੱਮ ਐੱਸ ਸੀ ਪ੍ਰੋਗਰਾਮ ਦੀ ਕਾਰਵਾਈ, ਬੁਨਿਆਦੀ ਢਾਂਚੇ ਅਤੇ ਵਿਦਿਆਰਥੀਆਂ ਦੀ ਸਹੂਲਤਾਂ ਦੀ ਪੜਚੋਲ ਕੀਤੀ ਗਈ| ਉਹਨਾਂ ਨੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਅਤੇ ਉਹਨਾਂ ਵੱਲੋਂ ਕੀਤੀ ਖੋਜ ਦੇ ਨਾਲ ਅਕਾਦਮਿਕ ਗਤੀਵਿਧੀਆਂ ਲਈ ਉਹਨਾਂ ਦੀ ਸ਼ਲਾਘਾ ਕੀਤੀ| ਮੁਹਾਲੀ ਵਿਖੇ ਪੰਜਾਬ ਬਾਇਓਤਕਨਾਲੋਜੀ ਇੰਨਕੁਬੇਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਅਜੀਤ ਦੁਆ ਨੇ ਪੰਜਾਬ ਦੇ ਨੌਜਵਾਨਾਂ ਦੀ ਮੁਹਾਰਤ ਵਿਕਾਸ ਲਈ ਬਾਇਓਤਕਨਾਲੋਜੀ ਦੇ ਮਹੱਤਵ ਨੂੰ ਦ੍ਰਿੜ ਕਰਾਇਆ| ਗਡਵਾਸੂ ਦੇ ਮਾਹਿਰ ਡਾ. ਆਰ ਐੱਸ ਸੇਠੀ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਦਯੋਗਿਕ ਸੰਪਰਕ ਅਤੇ ਉੱਦਮ ਸੰਭਾਵਨਾਵਾਂ ਦੀ ਗੱਲ ਕੀਤੀ| ਡਾ. ਮਲਵਿੰਦਰ ਸਿੰਘ ਮੱਲੀ ਨੇ ਵੀ ਸੁਝਾਅ ਦਿੱਤੇ| ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਅਜੋਕੀਆਂ ਅਕਾਦਮਿਕ ਗਤੀਵਿਧੀਆਂ ਵਿਚ ਉਦਯੋਗਾਂ ਦੇ ਨਾਲ-ਨਾਲ ਮਸਨੂਈ ਬੁੱਧੀ ਦੀ ਭੂਮਿਕਾ ਦਾ ਜ਼ਿਕਰ ਕੀਤਾ| ਡੀ ਬੀ ਟੀ ਦੇ ਪ੍ਰਤੀਨਿਧ ਡਾ. ਵਿਨੀਤਾ ਚੌਧਰੀ ਨੇ ਪੀ.ਏ.ਯੂ. ਵੱਲੋਂ ਡੀ ਬੀ ਟੀ ਦੀ ਸਹਾਇਤਾ ਨਾਲ ਕਰਵਾਏ ਜਾਣ ਵਾਲੇ ਕਾਰਜਾਂ ਦੀ ਸਫਲਤਾ ਉੱਪਰ ਪ੍ਰਸੰਨਤਾ ਪ੍ਰਗਟਾਈ| ਇਸ ਕਮੇਟੀ ਨੇ ਵਿਦਿਆਰਥੀਆਂ ਦਾ ਵਜ਼ੀਫਾ 7500 ਰੁਪਏ ਪ੍ਰਤੀ ਮਹੀਨਾ ਤੱਕ ਵਧਾਉਣ ਦੀ ਸਿਫ਼ਾਰਸ਼ ਕੀਤੀ ਅਤੇ ਨਾਲ ਹੀ ਡੀ ਬੀ ਟੀ ਪੀਜੀ ਅਧਿਆਪਨ ਪ੍ਰੋਗਰਾਮ ਤਹਿਤ ਐੱਮ ਐੱਸ ਸੀ ਖੇਤੀ ਬਾਇਓਤਕਨਾਲੋਜੀ ਨੂੰ ਹੋਰ ਯੂਨੀਵਰਸਿਟੀਆਂ ਨਾਲ ਜੋੜਨ ਦੀ ਸਿਫ਼ਾਰਸ਼ ਕੀਤੀ| ਅੰਤ ਵਿਚ ਡਾ. ਸਤਿਬੀਰ ਸਿੰਘ ਗੋਸਲ ਨੇ ਪੀ.ਏ.ਯੂ. ਦੀਆਂ ਅਧਿਆਪਨ ਅਤੇ ਖੋਜ ਕਾਰਵਾਈਆਂ ਵਿਚ ਡੀ ਬੀ ਟੀ ਦੇ ਸਹਿਯੋਗ ਨੂੰ ਅੰਕਿਤ ਕਰਦਿਆਂ ਕਮੇਟੀ ਮੈਂਬਰਾਂ ਨੂੰ ਉਸਾਰੂ ਸੁਝਾਅ ਦੇਣ ਲਈ ਕਿਹਾ ਤਾਂ ਜੋ ਖੇਤੀ ਉਦਯੋਗ ਨੂੰ ਮਜ਼ਬੂਤ ਬਣਾ ਕੇ ਇਸ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾ ਸਕੇ|